ਸਕੂਲੀ ਅਧਿਆਪਕ ਵੀ ਜੁਟੇ ਮਿਸ਼ਨ ਫ਼ਤਿਹ ਨੂੰ ਕਾਮਯਾਬ ਕਰਨ ’ਚ – ਵਿਦਿਆਰਥੀਆਂ ਨੂੰ ਆਨਲਾਈਨ ਪੜ੍ਹਾ ਰਹੇ ਹਨ ਸਾਵਧਾਨੀਆਂ ਦਾ ਪਾਠ

ਘਰ-ਘਰ ਜਾ ਕੇ ਕੀਤਾ ਕੋਵਿਡ ਪ੍ਰਤੀ ਸਾਵਧਾਨ

ਨਿਊਜ਼ ਪੰਜਾਬ

ਨਵਾਂਸ਼ਹਿਰ, 1 ਜੁਲਾਈ- ਪੰਜਾਬ ਸਰਕਾਰ ਵੱਲੋਂ ਕੋਵਿਡ-19 ਦੇ ਖਾਤਮੇ ਲਈ ਸ਼ੁਰੂ ਕੀਤੇ ਗਏ ਮਿਸ਼ਨ ਫ਼ਤਿਹ ਤਹਿਤ ਅੱਜ ਜ਼ਿਲ੍ਹੇ ਦੇ ਸਕੂਲੀ ਅਧਿਆਪਕਾਂ ਦੁਆਰਾ ਕੋਰੋਨਾ ਤੋਂ ਬਚਾਅ ਲਈ ਵਰਤੀਆਂ ਜਾਣ ਵਾਲੀਆਂ ਸਾਵਧਾਨੀਆਂ ਬਾਰੇ ਸੁਚੇਤ ਕਰਦੇ ਹੋਏ ਘਰ-ਘਰ ਜਾ ਕੇ ਜਾਗਰੂਕਤਾ ਕੀਤੀ ਗਈ। ਇਨ੍ਹਾਂ ਅਧਿਆਪਕਾਂ ਵੱਲੋਂ ਮਿਸ਼ਨ ਫ਼ਤਿਹ ਦੇ ਸੰਦੇਸ਼ ਨੂੰ ਹਰੇਕ ਵਿਦਿਆਰਥੀ ਤੱਕ ਆਨਲਾਈਨ ਵੀ ਪਹੰੁਚਾਉਣ ਲਈ ਪ੍ਰੇਰਿਤ ਕੀਤਾ ਗਿਆ।

ਜ਼ਿਲ੍ਹਾ ਸਿਖਿਆ ਅਫ਼ਸਰ (ਸੈਕੰਡਰੀ) ਸੁਸ਼ੀਲ ਕੁਮਾਰ ਅਤੇ ਜ਼ਿਲ੍ਹਾ ਸਿਖਿਆ ਅਫ਼ਸਰ (ਐਲੀਮੈਂਟਰੀ) ਪਵਨ ਕੁਮਾਰ ਨੇ ਦੱਸਿਆ ਕਿ ਮਿਸ਼ਨ ਫ਼ਤਿਹ ਤਹਿਤ ਕੋਵਿਡ ਪ੍ਰਤੀ ਜਾਗਰੂਕਤਾ ਪੈਦਾ ਕਰਨ ਲਈ ਸੂਬਾ ਸਰਕਾਰ ਵੱਲੋਂ ਅੱਜ ਦਾ ਦਿਨ ਸਕੂਲ ਸਿੱਖਿਆ ਵਿਭਾਗ ਲਈ ਰਾਖਵਾਂ ਰੱਖਿਆ ਗਿਆ ਸੀ। ਇਸ ਅਧੀਨ ਹਰ ਪਿੰਡ-ਪਿੰਡ ਘਰ-ਘਰ ਪਹੁੰਚ ਕਰਦੇ ਹੋਏ ਕੋਵਿਡ-19 ਤੋਂ ਬਚਾਅ ਲਈ ਲੋਕਾਂ ਨੂੰ ਮਾਸਕ ਪਹਿਨਣ, ਵਾਰ-ਵਾਰ ਹੱਥ ਧੋਣ, ਸਮਾਜਿਕ ਦੂਰੀ ਬਣਾਏ ਰੱਖਣ, ਗੈਰ-ਜ਼ਰੂਰੀ ਯਾਤਰਾ ਨਾ ਕਰਨ ਅਤੇ ਸਰਕਾਰ ਵੱਲੋੋਂ ਜਾਰੀ ਹਦਾਇਤਾਂ ਦੀ ਪਾਲਣਾ ਕਰਨ ਲਈ ਪ੍ਰੇਰਿਤ ਕੀਤਾ ਗਿਆ।

ਉਨ੍ਹਾਂ ਹੋਰ ਦੱਸਿਆ ਕਿ ਇਸ ਮੁਹਿੰਮ ਤਹਿਤ ਸਕੂਲ ਅਧਿਆਪਕਾਂ ਵੱਲੋਂ ਭਵਿੱਖ ’ਚ ਵੀ ਹਰ ਪੰਦਰਾਂ ਦਿਨਾਂ ਬਾਅਦ ਮੁੜ ਜਾਗਰੂਕਤਾ ਗਤੀਵਿਧੀਆਂ ਜਾਰੀ ਰੱਖੀਆਂ ਜਾਣਗੀਆ। ਇਸ ਤੋਂ ਇਲਾਵਾ ਸਕੂਲਾਂ ਦੇ ਸਮੂਹ ਸਟਾਫ ਮੈਂਬਰਾਂ ਵੱਲੋਂ ਕੋਵਾ ਐਪ ਇੰਸਟਾਲ ਕਰਕੇ ਮਿਸ਼ਨ ਫਤਿਹ ਨਾਲ ਆਪਣੇ ਆਪ ਨੂੰ ਜੋੜਿਆ ਗਿਆ। ਸਕੂਲਾਂ ਦੇ ਪਿ੍ਰੰਸੀਪਲਾਂ, ਮੁੱਖ ਅਧਿਆਪਕਾਂ ਅਤੇ ਮੁਖੀਆਂ ਨੇ ਦੱਸਿਆ ਕਿ ਅਧਿਆਪਕ ਵਰਗ ਵੱਲੋਂ ਵਿਦਿਆਰਥੀਆਂ ਨਾਲ ਲਗਾਤਾਰ ਤਾਲਮੇਲ ਕਰਕੇ ਉਨ੍ਹਾਂ ਨੰੂ ਵੀ ਕੋਵਾ ਐਪ ਇੰਸਟਾਲ ਕਰਕੇ ਇਸ ਮਿਸ਼ਨ ਦਾ ਹਿੱਸਾ ਬਣਨ ਲਈ ਪ੍ਰੇਰਿਤ ਕੀਤਾ ਜਾ ਰਿਹਾ ਹੈ।

——————————————————————-

ਫ਼ੋਟੋ ਕੈਪਸ਼ਨ: ਸਕੂਲ ਸਿਖਿਆ ਵਿਭਾਗ ਵੱਲੋਂ ਮਿਸ਼ਨ ਫ਼ਤਿਹ ਤਹਿਤ ਜ਼ਿਲ੍ਹੇ ’ਚ ਵਿੱਢੀ ਗਈ ਜਾਗਰੂਕਤਾ ਮੁਹਿੰਮ