ਪਹਿਲੀ ਜਨਵਰੀ 2020 ਨੂੰ 18 ਸਾਲ ਦੀ ਉਮਰ ਪੂਰੀ ਕਰਦੇ ਨੌਜੁਆਨਾਂ ਲਈ ਆਨਲਾਈਨ ਵੋਟ ਬਣਾਉਣ ਦਾ ਸੁਨਹਿਰੀ ਮੌਕਾ

ਐਨ ਵੀ ਐਸ ਪੀ ਪੋਰਟਲ ’ਤੇ ਜਾ ਕੇ ਕਰਵਾ ਸਕਦੇ ਹਨ ਰਜਿਸਟ੍ਰੇਸ਼ਨ

ਨਿਊਜ਼ ਪੰਜਾਬ

ਨਵਾਂਸ਼ਹਿਰ, 1 ਜੁਲਾਈ- ਕੋਵਿਡ-19 ਦੀ ਮਹਾਂਮਾਰੀ ਨੂੰ ਮੁੱਖ ਰਖਦੇ ਹੋਏ ਭਾਰਤ ਦੇ ਚੋਣ ਕਮਿਸ਼ਨ ਅਤੇ ਮੁੱਖ ਚੋਣ ਅਫ਼ਸਰ, ਪੰਜਾਬ, ਵਲੋਂ 01 ਜਨਵਰੀ 2020 ਨੂੰ 18 ਸਾਲ ਦੀ ਉਮਰ ਪੂਰੀ ਕਰ ਚੁੱਕੇ ਵਿਅਕਤੀਆਂ ਨੂੰ ਅਪਣੀ ਵੋਟ ਆਨ ਲਾਈਨ ਬਣਾਉਣ ਦੀ ਅਪੀਲ ਕਰਦੇ ਹੋਏ ਕਿਹਾ ਗਿਆ ਹੈ ਕਿ ਜੋ ਵਿਅਕਤੀ ਮਿਤੀ 1 ਜਨਵਰੀ 2020 ਨੂੰ 18 ਸਾਲ ਦੀ ਉਮਰ ਪੂਰੀ ਕਰ ਚੁੱਕੇ ਹਨ, ਪਰ ਕਿਸੇ ਕਾਰਨ ਵੋਟਰ ਸੂਚੀਆਂ ਦੀ ਸੁਧਾਈ ਦੌੌਰਾਨ ਅਪਣਾ ਨਾਮ ਵੋਟਰ ਸੂਚੀ ਵਿਚ ਦਰਜ ਨਹੀਂ ਕਰਵਾ ਸਕੇ, ਉਹ ਹੁਣ ਐਨ ਵੀ ਐਸ ਪੀ ਪੋਰਟਲ ’ਤੇ ਜਾ ਕੇ ਆਨ ਲਾਈਨ ਅਪਲਾਈ ਕਰ ਸਕਦੇ ਹਨ।

ਇਹ ਜਾਣਕਾਰੀ ਦਿੰਦੇ ਹੋਏ ਜ਼ਿਲੇ੍ਹ ਦੀ ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਚੋਣ ਅਫਸਰ ਸ੍ਰੀਮਤੀ ਡਾ. ਸ਼ੇਨਾ ਅਗਰਵਾਲ ਵਲੋਂ ਦੱਸਿਆ ਗਿਆ ਕਿ ਉਕਤ ਮਿਤੀ ਦੇ ਆਧਾਰ ’ਤੇ ਯੋਗ ਵਿਅਕਤੀ ਅਪਣੀ ਵੋਟ ਬਣਾਉਣ ਲਈ ਐਨ ਵੀ ਐਸ ਪੀ ਪੋਰਟਲ ਤੋਂ ਇਲਾਵਾ ਕਾਮਨ ਸਰਵਿਸ ਸੈਂਟਰ (ਸੀ ਐਸ ਸੀ) ’ਤੇ ਜਾ ਕੇ ਬਿਨਾਂ ਕਿਸੇ ਕੀਮਤ ਦਿਤੇ ਅਪਣਾ ਫਾਰਮ ਆਨ ਲਾਈਨ ਜਮ੍ਹਾਂ ਕਰਵਾ ਸਕਦੇ ਹਨ। ਕਾਮਨ ਸਰਵਿਸ ਸੈਂਟਰ ਵਲੋਂ ਇਸ ਮੰਤਵ ਲਈ ਉਨ੍ਹਾਂ ਪਾਸੋਂ ਕੋਈ ਚਾਰਜ ਨਹੀਂ ਲਏ ਜਾਣਗੇ।

ਉਨ੍ਹਾਂ ਅੱਗੇ ਦੱਸਿਆ ਕਿ ਸਿਖਿਆ ਵਿਭਾਗ ਵਿਚ ਸਥਾਪਿਤ ਇਲੈਕਟੋਰਲ ਲਿਟਰੇਸੀ ਕਲਬਾਂ ਦੇ ਕਨਵੀਨਰਾਂ ਰਾਹੀਂ ਆਨ ਲਾਈਨ ਐਜੂਕੇਸ਼ਨ ਦੌਰਾਨ ਨੌਜਵਾਨਾਂ ਅਤੇ ਭਵਿਖ ਦੇ ਵੋਟਰਾਂ ਨੂੰ ਇਹ ਸੰਦੇਸ਼ ਦਿਤਾ ਜਾ ਰਿਹਾ ਹੈ ਕਿ 18 ਸਾਲ ਦੀ ਉਮਰ ਪੂਰੀ ਕਰ ਲੈਣ ਵਾਲੇ ਨੌਜਵਾਨਾਂ ਨੂੰ ਵੋਟ ਬਣਾਉਣ ਲਈ ਪ੍ਰੇਰਿਤ ਕੀਤਾ ਜਾਵੇ। ਆਪਣੀ ਪੜ੍ਹਾਈ ਦੌਰਾਨ ਵਿਦਿਆਰਥੀਆਂ ਨੂੰ ‘ਵੋਟ ਦੇ ਮਹੱਤਵ, ਅਰਥਾਤ ਵੋਟ ਬਣਾਉਣੀ/ਵੋਟ ਦਾ ਇਸਤੇਮਾਲ ਕਰਨਾ ਕਿਉਂ ਜ਼ਰੂਰੀ ਹੈ’, ਬਾਰੇ ਜਾਣਕਾਰੀ ਦਿੱਤੇ ਜਾਣ ਲਈ ਕਿਹਾ ਗਿਆ ਹੈ। ਇਸ ਮੰਤਵ ਲਈ ਜ਼ਿਲ੍ਹਾ ਚੋਣ ਦਫ਼ਤਰ ਵਲੋੋਂ ਵੱਖ-ਵੱਖ ਸਿਖਿਆ/ਤਕਨੀਕੀ ਸੰਸਥਾਂਵਾਂ ਵਿੱਚ ਨਿਯੁਕਤ ਨੋਡਲ ਅਫਸਰਾਂ ਨਾਲ ਆਨ-ਲਾਈਨ ਸੰਪਰਕ ਕੀਤਾ ਜਾ ਰਿਹਾ ਹੈ। ਇਸ ਤੋਂ ਇਲਾਵਾ ਜੋ ਨੌਜਵਾਨ ਮਿਤੀ 1 ਜਨਵਰੀ 2021 ਨੂੰ ਅਪਣੀ 18 ਸਾਲ ਦੀ ਉਮਰ ਪੂਰੀ ਕਰ ਰਹੇ ਹਨ, ਦੀ ਜਾਣਕਾਰੀ ਇਕੱਤਰ ਕਰਨ ਲਈ ਵੀ ਕਿਹਾ ਗਿਆ ਹੈ, ਤਾਂ ਜੋ ਭਵਿੱਖ ਵਿਚ ਆਰੰਭੀ ਜਾਣ ਵਾਲੀ ਵੋਟਰ ਸੂਚੀਆਂ ਦੀ ਸੁਧਾਈ ਦੌਰਾਨ ਅਜਿਹੇ ਨੌਜਵਾਨਾਂ ਨੂੰ ਬਤੌਰ ਵੋਟਰ ਉਨ੍ਹਾਂ ਦੇ ਇਲਾਕੇ ਨਾਲ ਸਬੰਧਤ ਵੋਟਰ ਸੂਚੀ ਵਿਚ ਸ਼ਾਮਲ ਕੀਤਾ ਜਾ ਸਕੇ। ਉਨ੍ਹਾਂ ਵੱਲੋੋਂ ਦੱਸਿਆ ਗਿਆ ਕਿ ਜ਼ਿਲੇ੍ਹ ਵਿਚ ਸਵੀਪ ਗਤੀਵਿਧੀਆਂ ਆਨ-ਲਾਈਨ ਚਲਾਏ ਜਾਣ ਲਈ ਸ੍ਰੀ ਸਤਨਾਮ ਸਿੰਘ, ਜ਼ਿਲ੍ਹਾ ਸਾਇੰਸ ਸੁਪਰਵਾਈਜ਼ਰ ਨੂੰ ਬਤੌਰ ਸਹਾਇਕ ਨੋਡਲ ਅਫ਼ਸਰ, ਨਿਯੁਕਤ ਕੀਤਾ ਗਿਆ ਹੈ।

ਜ਼ਿਲ੍ਹਾ ਚੋਣ ਅਫਸਰ-ਕਮ-ਡਿਪਟੀ ਕਮਿਸ਼ਨਰ, ਸ਼ਹੀਦ ਭਗਤ ਸਿੰਘ ਨਗਰ ਵਲੋਂ ਆਮ ਜਨਤਾ ਦੀ ਜਾਣਕਾਰੀ ਲਈ ਦੱਸਿਆ ਗਿਆ ਕਿ ਵੋਟ ਬਣਾਉਣ ਲਈ ਫਾਰਮ ਨੰ. 6, ਪਹਿਲਾਂ ਦਰਜ ਵੋਟ ਕਟਾਉਣ ਲਈ ਫਾਰਮ ਨੰ. 7 ਅਤੇ ਪਹਿਲਾਂ ਦਰਜ ਅਪਣੀ ਵੋਟ ਦੇ ਇੰਦਰਾਜ ਵਿਚ ਕਿਸੇ ਕਿਸਮ ਦੀ ਸੋਧ ਕਰਾਉਣ ਲਈ ਫਾਰਮ ਨੰ. 8 ਭਰਿਆ ਜਾ ਸਕਦਾ ਹੈ। ਇਨ੍ਹਾਂ ਫਾਰਮਾਂ ਦੀ ਵੈਰੀਫਿਕੇਸ਼ਨ ਸਬੰਧਤ ਚੋਣਕਾਰ ਰਜਿਸਟੇ੍ਰਸ਼ਨ ਅਫਸਰ (ਐਸ ਡੀ ਐਮ) ਵਲੋਂ ਕਰਵਾਈ ਜਾਵੇਗੀ।