ਨਵਾਂਸ਼ਹਿਰ-ਵਧੀਕ ਮੁੱਖ ਸਕੱਤਰ ਰਵਨੀਤ ਕੌਰ ਵੱਲੋਂ ਜ਼ਿਲ੍ਹੇ ’ਚ ਕੋਵਿਡ-19 ਪ੍ਰਬੰਧਾਂ ਦਾ ਜਾਇਜ਼ਾ ਡਿਪਟੀ ਕਮਿਸ਼ਨਰ ਡਾ. ਸ਼ੇਨਾ ਅਗਰਵਾਲ ਨੇ ਦੱਸਿਆ ਕਿ ਜ਼ਿਲ੍ਹੇ ’ਚ ਸਥਿਤੀ ਕਾਬੂ ਹੇਠ
ਜ਼ਿਲ੍ਹੇ ’ਚ ਪਾਜ਼ਿਟਿਵ ਪਾਏ ਗਏ 165 ਮਰੀਜ਼ਾਂ ’ਚੋਂ 141 ਜ਼ਿਲ੍ਹੇ ਨਾਲ ਅਤੇ 24 ਜ਼ਿਲ੍ਹੇ ਤੋਂ ਬਾਹਰੋਂ
ਜ਼ਿਲ੍ਹੇ ’ਚੋਂ ਲਏ ਗਏ 9887 ਕੋਵਿਡ ਸੈਂਪਲਾਂ ’ਚੋਂ 9472 ਨੈਗੇਟਿਵ ਪਾਏ ਗਏ
ਐਮਰਜੈਂਸੀ ਤੇ ਹੋਰ ਸਿਹਤ ਸੇਵਾਵਾਂ ਬਲਾਚੌਰ, ਬੰਗਾ, ਰਾਹੋਂ ਤੇ ਸੜੋਆ ਦੇ ਹਸਪਤਾਲਾਂ ’ਚ ਜਾਰੀ
ਜ਼ਿਲ੍ਹੇ ਦੇ ਲੋਕਾਂ ਨੂੰ ਕੋਵਿਡ ਪ੍ਰਤੀ ਜਾਗਰੂਕ ਕਰਨ ਲਈ ਮਿਸ਼ਨ ਫ਼ਤਿਹ ਤਹਿਤ ਗਤੀਵਿਧੀਆਂ ਜਾਰੀ
ਨਿਊਜ਼ ਪੰਜਾਬ
ਨਵਾਂਸ਼ਹਿਰ, 30 ਜੂਨ-ਵਧੀਕ ਮੁੱਖ ਸਕੱਤਰ ਪੰਜਾਬ ਸ੍ਰੀਮਤੀ ਰਵਨੀਤ ਕੌਰ ਵੱਲੋਂ ਅੱਜ ਜ਼ਿਲ੍ਹੇ ਦਾ ਦੌਰਾ ਕਰਕੇ ਕੋਵਿਡ-19 ਪ੍ਰਬੰਧਾਂ ਅਤੇ ਸਥਿਤੀ ਬਾਰੇ ਜਾਣਕਾਰੀ ਲਈ ਗਈ। ਉਨ੍ਹਾਂ ਵੱਲੋਂ ਜ਼ਿਲ੍ਹੇ ’ਚ ਕੋਵਿਡ-19 ਦੇ ਪਾਜ਼ਿਟਿਵ ਮਰੀਜ਼ਾਂ, ਵਿਦੇਸ਼ ਅਤੇ ਦੂਸਰੇ ਰਾਜਾਂ ਤੋਂ ਆਉਣ ਵਾਲੇ ਵਿਅਕਤੀਆਂ ਨੂੰ ਇਕਾਂਤਵਾਸ ਕਰਨ ਅਤੇ ਭਵਿੱਖ ’ਚ ਮਰੀਜ਼ਾਂ ਦੀ ਗਿਣਤੀ ਵਧਣ ਦੀ ਸੂਰਤ ’ਚ ਕੀਤੇ ਜਾਣ ਵਾਲੇ ਅਗਾਊਂ ਪ੍ਰਬੰਧਾਂ ਬਾਰੇ ਡਿਪਟੀ ਕਮਿਸ਼ਨਰ ਡਾ. ਸ਼ੇਨਾ ਅਗਰਵਾਲ ਤੇ ਜ਼ਿਲ੍ਹੇ ਦੇ ਹੋਰਨਾਂ ਅਧਿਕਾਰੀਆਂ ਨਾਲ ਵਿਸਥਾਰਿਤ ਮੀਟਿੰਗ ਕੀਤੀ ਗਈ।
ਡਿਪਟੀ ਕਮਿਸ਼ਨਰ ਡਾ. ਸ਼ੇਨਾ ਅਗਰਵਾਲ ਨੇ ਇਸ ਮੌਕੇ ਉਨ੍ਹਾਂ ਨੂੰ ਦੱਸਿਆ ਜ਼ਿਲ੍ਹੇ ’ਚ ਕੋਵਿਡ-19 ਨੂੰ ਲੈ ਕੇ ਹਾਲਾਤ ਪੂਰੀ ਤਰ੍ਹਾਂ ਕਾਬੂ ਹੇਠ ਹਨ। ਜ਼ਿਲ੍ਹੇ ’ਚ ਇਸ ਮੌਕੇ ਗੁਰੂ ਨਾਨਕ ਮਿਸ਼ਨ ਹਸਪਤਾਲ ਢਾਂਹਾਂ ਕਲੇਰਾਂ ਵਿਖੇ ਚਲਾਏ ਜਾ ਰਹੇ ਕੋਵਿਡ ਕੇਅਰ ਸੈਂਟਰ ਵਿਖੇ 19 ਪਾਜ਼ਿਟਿਵ ਮਰੀਜ਼ ਇਲਾਜ ਅਧੀਨ ਹਨ। ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ’ਚ ਹੁਣ ਤੱਕ ਪਾਜ਼ਿਟਿਵ ਪਾਏ ਗਏ ਵਿਅਕਤੀਆਂ ’ਚੋਂ 141 ਦਾ ਸਬੰਧ ਜ਼ਿਲ੍ਹੇ ਨਾਲ ਹੈ ਅਤੇ 24 ਜ਼ਿਲ੍ਹੇ ਤੋਂ ਬਾਹਰੋਂ ਹਨ। ਉਨ੍ਹਾਂ ਦੱਸਿਆ ਕੋਵਿਡ ਕਾਰਨ ਜ਼ਿਲ੍ਹੇ ’ਚ ਕੇਵਲ ਇੱਕ ਮੌਤ ਹੋਈ ਹੈ ਜਦਕਿ ਇਲਾਜ ਅਧੀਨ 19 ਮਰੀਜ਼ਾਂ ਨੂੰ ਛੱਡ ਕੇ ਬਾਕੀ ਸਾਰੇ ਸਿਹਤਯਾਬ ਹੋ ਕੇ ਘਰਾਂ ਨੂੰ ਗਏ ਹਨ।
ਜ਼ਿਲ੍ਹੇ ’ਚ ਵੱਡੇ ਪੱਧਰ ’ਤੇ ਕੀਤੀ ਜਾ ਰਹੀ ਸੈਂਪਲਿੰਗ ਦਾ ਵੇਰਵਾ ਦਿੰਦਿਆਂ ਉਨ੍ਹਾਂ ਦੱਸਿਆ ਕਿ ਕਲ੍ਹ ਸ਼ਾਮ ਤੱਕ ਲਏ ਗਏ 9887 ਸੈਂਪਲਾਂ ’ਚੋਂ 9472 ਨੈਗੇਟਿਵ ਆਏ ਹਨ ਜਦਕਿ 259 ਦੀ ਰਿਪੋਰਟ ਪੈਂਡਿੰਗ ਹੈ। ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ’ਚ ਕੋਵਿਡ ਮਰੀਜ਼ਾਂ ਦੀ ਸ਼ਨਾਖਤ ਲਈ ਸਿਹਤ ਵਿਭਾਗ ਰਾਹੀਂ ਟੀਮਾਂ ਬਣਾ ਕੇ ਘਰ-ਘਰ ਪਹੁੰਚ ਕੀਤੀ ਜਾ ਰਹੀ ਹੈ, ਜਿਸ ਵਿੱਚ 30 ਸਾਲ ਤੋਂ ਉੱਪਰ ਉਮਰ ਦੇ ਵਿਅਕਤੀਆਂ, ਜਿਨ੍ਹਾਂ ਨੂੰ ਕੋਈ ਵੀ ਹੋਰ ਪੁਰਾਣੀ ਬਿਮਾਰੀ ਹੈ, ਦੀ ਵਿਸ਼ੇਸ਼ ਤੌਰ ’ਤੇ ਜਾਣਕਾਰੀ ਲਈ ਜਾ ਰਹੀ ਹੈ। ਇਸ ਤੋਂ ਇਲਾਵਾ ਮਿਸ਼ਨ ਫ਼ਤਿਹ ਤਹਿਤ ਹਰੇਕ ਘਰ ਦੇ ਬਾਹਰ ਮੂੰਹ ਤੇ ਮਾਸਕ ਲਾਉਣ, ਹੱਥ ਵਾਰ-ਵਾਰ ਧੋਣ ਤੇ ਸਮਾਜਿਕ ਦੂਰੀ ਦੀ ਪਾਲਣਾ ਕਰਨ ਬਾਰੇ ਜਾਗਰੂਕਤਾ ਸਟਿੱਕਰ ਲਾਏ ਜਾ ਰਹੇ ਹਨ।
ਉਨ੍ਹਾਂ ਦੱਸਿਆ ਕਿ ਵਿਦੇਸ਼ਾਂ ਤੋਂ ਆਉਣ ਵਾਲੇ ਵਿਅਕਤੀਆਂ ਲਈ ਕੇ ਸੀ ਕਾਲਜ ਨਵਾਂਸ਼ਹਿਰ ਅਤੇ ਰਿਆਤ ਕਾਲਜ ਰੈਲ ਮਾਜਰਾ ਵਿਖੇ ਇਕਾਂਤਵਾਸ ਦੇ ਪ੍ਰਬੰਧ ਕੀਤੇ ਗਏ ਹਨ ਜਦਕਿ ਦੂਸਰੇ ਰਾਜਾਂ ’ਚੋਂ ਆਉਣ ਵਾਲੀ ਲੇਬਰ ਨੂੰ ਪਿੰਡਾਂ ਤੋਂ ਬਾਹਰ ਰੱਖਣ ਦੇ ਪ੍ਰਬੰਧ ਕਰਵਾਏ ਗਏ ਹਨ।
ਵਧੀਕ ਮੁੱਖ ਸਕੱਤਰ ਵੱਲੋਂ ਇਸ ਮੌਕੇ ਕੇ ਸੀ ਕਾਲਜ ਸਥਿਤ ਇਕਾਂਤਵਾਸ ਕੇਂਦਰ ਦਾ ਦੌਰਾ ਵੀ ਕੀਤਾ ਗਿਆ ਅਤੇ ਉੱਥੇ ਮੌਜੂਦ ਸਟਾਫ਼ ਨਾਲ ਗੱਲਬਾਤ ਕੀਤੀ ਗਈ। ਉਨ੍ਹਾਂ ਨੇ ਮੈਡੀਕਲ ਸਟਾਫ਼ ਵੱਲੋਂ ਮੋਹਰਲੀ ਕਤਾਰ ਦੇ ਯੋਧਿਆਂ ਵਜੋਂ ਨਿਭਾਏ ਜਾ ਰਹੇ ਰੋਲ ਦੀ ਵੀ ਸ਼ਲਾਘਾ ਕੀਤੀ। ਇਸ ਮੌਕੇ ਸਟਾਫ਼ ਵੱਲੋਂ ਦੱਸਿਆ ਗਿਆ ਕਿ ਕੇ ਸੀ ’ਚ ਵਿਦੇਸ਼ ਤੋਂ ਪਰਤੇ 55 ਅਤੇ ਹੋਟਲਾਂ ’ਚ 13 ਵਿਅਕਤੀਆਂ ਨੂੰ ਇਕਾਂਤਵਾਸ ਕੀਤਾ ਹੋਇਆ ਹੈ।
ਸਿਵਲ ਸਰਜਨ ਡਾ. ਰਾਜਿੰਦਰ ਪ੍ਰਸ਼ਾਦ ਭਾਟੀਆ ਨੇ ਦੱਸਿਆ ਕਿ ਐਮਰਜੈਂਸੀ ਤੇ ਹੋਰ ਸਿਹਤ ਸੇਵਾਵਾਂ ਬਲਾਚੌਰ, ਬੰਗਾ, ਰਾਹੋਂ ਤੇ ਸੜੋਆ ਦੇ ਹਸਪਤਾਲਾਂ ’ਚ ਜਾਰੀ ਹਨ। ਸੈਂਪਲਿੰਗ ਵਧਾ ਦਿੱਤੀ ਗਈ ਹੈ। ਉਨ੍ਹਾਂ ਦੱਸਿਆ ਕਿ ਭਵਿੱਖ ਦੇ ਪ੍ਰਬੰਧਾਂ ਵਜੋਂ ਕੋਵਿਡ ਕੇਅਰ ਵਾਸਤੇ ਡਾਕਟਰਾਂ, ਸਟਾਫ਼ ਨਰਸਾਂ, ਫ਼ਾਰਮਾਸਿਸਟਾਂ ਤੇ ਹੋਰ ਦਰਜਾ ਚਾਰ ਸਟਾਫ਼ ਦੀ ਆਰਜ਼ੀ ਭਰਤੀ ਪ੍ਰਕਿਰਿਆ ਚੱਲ ਰਹੀ ਹੈ।
ਮੀਟਿੰਗ ’ਚ ਮੌਜੂਦ ਡੀ ਐਫ ਐਸ ਸੀ ਰਾਕੇਸ਼ ਭਾਸਕਰ ਨੇ ਦੱਸਿਆ ਕਿ ਜ਼ਿਲ੍ਹੇ ’ਚ ਕਣਕ ਦੇ ਸੀਜ਼ਨ ਦੌਰਾਨ ਹੋਈ ਖਰੀਦ ਦਾ ਕੋਈ ਬਕਾਇਆ ਨਹੀਂ ਅਤੇ 445.86 ਕਰੋੜ ਰੁਪਏ ਦੀ ਅਦਾਇਗੀ ਕਰ ਦਿੱਤੀ ਗਈ ਹੈ। ਸੀਜ਼ਨ ਦੌਰਾਨ 231662 ਮੀਟਿ੍ਰਕ ਟਨ ਕਣਕ ਖਰੀਦ ਕੀਤੀ ਗਈ।
ਏ ਡੀ ਸੀ (ਜ) ਅਦਿਤਿਆ ਉੱਪਲ ਨੇ ਸੁਝਾਅ ਦਿੱਤਾ ਕਿ ਜਿਸ ਤਰ੍ਹਾਂ ਅਮਿ੍ਰਤਸਰ ਅਤੇ ਮੋਹਾਲੀ ਹਵਾਈ ਅੱਡੇ ’ਤੇ ਉਤਰਨ ਵਾਲੇ ਜ਼ਿਲ੍ਹੇ ਨਾਲ ਸਬੰਧਤ ਯਾਤਰੀਆਂ ਦੀ ਅਗਾਊਂ ਸੂਚਨਾ ਜ਼ਿਲ੍ਹੇ ਨੂੰ ਆ ਜਾਂਦੀ ਹੈ, ਉਸੇ ਤਰ੍ਹਾਂ ਰਾਜ ਸਰਕਾਰ ਰਾਹੀਂ ਦਿੱਲੀ ਹਵਾਈ ਅੱਡੇ ’ਤੇ ਉਤਰਨ ਵਾਲੇ ਯਾਤਰੀਆਂ ਦੀ ਸੂਚੀ ਵੀ ਅਗਾਊਂ ਰੂਪ ’ਚ ਭਿਜਵਾਉਣ ਨਾਲ ਇਨ੍ਹਾਂ ਯਾਤਰੀਆਂ ਨੂੰ ਘਰ ਆਉਣ ਤੋਂ ਪਹਿਲਾਂ ਹੀ ਇਕਾਂਤਵਾਸ ਕਰਨ ’ਚ ਮੱਦਦ ਮਿਲ ਸਕਦੀ ਹੈ।
ਮੀਟਿੰਗ ’ਚ ਸ਼ਾਮਿਲ ਹੋਰਨਾਂ ਅਧਿਕਾਰੀਆਂ ’ਚ ਐਸ ਪੀ (ਐਚ) ਮਨਵਿੰਦਰ ਸਿੰਘ, ਜ਼ਿਲ੍ਹਾ ਪ੍ਰੋਗਰਾਮ ਅਫ਼ਸਰ ਗੁਰਚਰਨ ਸਿੰਘ ਵੀ ਮੌਜੂਦ ਸਨ।
———————————————————————————
ਫ਼ੋਟੋ ਕੈਪਸ਼ਨ: ਏ ਸੀ ਐਸ ਰਵਨੀਤ ਕੌਰ ਨਵਾਂਸ਼ਹਿਰ ਵਿਖੇ ਡਿਪਟੀ ਕਮਿਸ਼ਨਰ ਸ਼ੇਨਾ ਅਗਰਵਾਲ ਤੇ ਹੋਰ ਅਧਿਕਾਰੀਆਂ ਨਾਲ ਕੋਵਿਡ ਪ੍ਰਬੰਧਾਂ ’ਤੇ ਮੀਟਿੰਗ ਕਰਦੇ ਹੋਏ।