PM ਮੋਦੀ ਬਸਤਰ ’ਚ ਸੁਰੱਖਿਆ ਬਲਾਂ ਦੇ ਜਵਾਨਾਂ ਨਾਲ ਮਨਾਉਣਗੇ ਦੀਵਾਲੀ

ਨਿਊਜ਼ ਪੰਜਾਬ

8 ਨਵੰਬਰ,2026

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇਸ ਸਾਲ ਦੀਵਾਲੀ ਦਾ ਤਿਉਹਾਰ ਛੱਤੀਸਗੜ੍ਹ ਦੇ ਬਸਤਰ ਵਿੱਚ ਸੁਰੱਖਿਆ ਬਲਾਂ ਦੇ ਜਵਾਨਾਂ ਨਾਲ ਮਨਾਉਣਗੇ। ਉਨ੍ਹਾਂ ਨੇ ਦੇਸ਼ ਵਾਸੀਆਂ ਨੂੰ ਦੀਵਾਲੀ ਦੀਆਂ ਵਧਾਈਆਂ ਦਿੰਦਿਆਂ ਸਾਰਿਆਂ ਦੀ ਖੁਸ਼ਹਾਲੀ ਅਤੇ ਸ਼ਾਂਤੀ ਦੀ ਕਾਮਨਾ ਕੀਤੀ।ਐਕਸ (X) ‘ਤੇ ਇੱਕ ਪੋਸਟ ਵਿੱਚ, ਉਨ੍ਹਾਂ ਨੇ ਲਿਖਿਆ;

“ਸਾਰਿਆਂ ਨੂੰ ਦੀਵਾਲੀ ਦੀਆਂ ਸ਼ੁਭਕਾਮਨਾਵਾਂ! ਦੇਸ਼ ਭਰ ਦੇ ਮੇਰੇ ਪਰਿਵਾਰਕ ਮੈਂਬਰਾਂ ਨੂੰ ਦੀਵਾਲੀ ਦੀਆਂ ਬੇਅੰਤ ਸ਼ੁਭਕਾਮਨਾਵਾਂ।”

ਸ਼ਨਿੱਚਰਵਾਰ ਨੂੰ ਆਪਣੇ ਇੱਕ ਵੀਡੀਓ ਸੰਦੇਸ਼ ਵਿੱਚ ਪ੍ਰਧਾਨ ਮੰਤਰੀ ਨੇ ਕਿਹਾ ਕਿ ਅੱਜ ਪੂਰਾ ਦੇਸ਼ ਦੀਵਾਲੀ ਦੀਆਂ ਰੌਸ਼ਨੀਆਂ ਨਾਲ ਜਗਮਗਾ ਰਿਹਾ ਹੈ। ਉਨ੍ਹਾਂ ਇਸ ਤਿਉਹਾਰ ਨੂੰ ਹਨੇਰੇ ਖਿਲਾਫ਼ ਦੇਸ਼ ਦੇ ਦ੍ਰਿੜ੍ਹ ਸੰਕਲਪ ਦਾ ਪ੍ਰਤੀਕ ਦੱਸਿਆ। ਉਨ੍ਹਾਂ ਕਿਹਾ, “ਰੌਸ਼ਨੀ ਦਾ ਇਹ ਤਿਉਹਾਰ ਸਾਡੇ ਇਰਾਦਿਆਂ ਦੀ ਪਛਾਣ ਹੈ। ਮੇਰੀ ਕਾਮਨਾ ਹੈ ਕਿ ਇਹ ਤਿਉਹਾਰ ਅਤੇ ਆਉਣ ਵਾਲਾ ਸਮਾਂ ਤੁਹਾਡੀ ਜ਼ਿੰਦਗੀ ਵਿੱਚ ਖੁਸ਼ੀਆਂ ਅਤੇ ਸ਼ਾਂਤੀ ਲੈ ਕੇ ਆਵੇ।

ਪ੍ਰਧਾਨ ਮੰਤਰੀ ਨੇ ਕਿਹਾ ਕਿ ਦੇਸ਼ ਦੀ ਸੁਰੱਖਿਆ ਲਈ ਜਵਾਨਾਂ ਵੱਲੋਂ ਦਿੱਤੀਆਂ ਕੁਰਬਾਨੀਆਂ ਅਤੇ ਉਨ੍ਹਾਂ ਦਾ ਸਮਰਪਣ ਸਤਿਕਾਰ ਦੇ ਹੱਕਦਾਰ ਹਨ। ਉਨ੍ਹਾਂ ਦੱਸਿਆ ਕਿ ਜਵਾਨਾਂ ਨਾਲ ਦੀਵਾਲੀ ਮਨਾਉਣਾ ਉਨ੍ਹਾਂ ਦੀ ਇੱਕ ਖਾਸ ਪਰੰਪਰਾ ਬਣ ਚੁੱਕੀ ਹੈ, ਜਿਸ ਨੂੰ ਉਹ ਇਸ ਸਾਲ ਵੀ ਜਾਰੀ ਰੱਖਣਗੇ। ਜ਼ਿਕਰਯੋਗ ਹੈ ਕਿ ਪਿਛਲੇ ਸਾਲ ਉਨ੍ਹਾਂ ਨੇ ਦੀਵਾਲੀ ਭਾਰਤੀ ਜਲ ਸੈਨਾ ਦੇ ਜੰਗੀ ਜਹਾਜ਼ ਆਈਐੱਨਐੱਸ ਵਿਕਰਾਂਤ ’ਤੇ ਜਲ ਸੈਨਾ ਦੇ ਜਵਾਨਾਂ ਨਾਲ ਮਨਾਈ ਸੀ। ਪ੍ਰਧਾਨ ਮੰਤਰੀ ਹੁਣ ਤੱਕ ਤਿੰਨ ਵਾਰ ਜੰਮੂ-ਕਸ਼ਮੀਰ ਅਤੇ ਦੋ ਵਾਰ ਲੱਦਾਖ ਵਿੱਚ ਜਵਾਨਾਂ ਨਾਲ ਦੀਵਾਲੀ ਮਨਾ ਚੁੱਕੇ ਹਨ। ਇਸ ਪਹਿਲ ਦਾ ਮਕਸਦ ਸਰਹੱਦਾਂ ਦੀ ਰਾਖੀ ਕਰਦੇ ਹੋਏ ਆਪਣੇ ਪਰਿਵਾਰਾਂ ਤੋਂ ਦੂਰ ਰਹਿਣ ਵਾਲੇ ਜਵਾਨਾਂ ਦਾ ਹੌਸਲਾ ਵਧਾਉਣਾ ਅਤੇ ਉਨ੍ਹਾਂ ਨਾਲ ਤਿਉਹਾਰ ਦੀਆਂ ਖੁਸ਼ੀਆਂ ਸਾਂਝੀਆਂ ਕਰਨਾ ਹੈ।