ਨਿਊਜ਼ ਪੰਜਾਬ
ਲੁਧਿਆਣਾ:4 ਨਵੰਬਰ,2026
ਬਹੁਜਨ ਸਮਾਜ ਪਾਰਟੀ ਵੱਲੋਂ ਪੰਜਾਬ ਵਿੱਚ ਸੰਗਠਨ ਨੂੰ ਮਜ਼ਬੂਤ ਕਰਨ ਲਈ ਅਹਿਮ ਜ਼ਿੰਮੇਵਾਰੀਆਂ ਸੌਂਪੀਆਂ ਜਾ ਰਹੀਆਂ ਹਨ। ਇਸੇ ਲੜੀ ਤਹਿਤ ਬੀਤੇ ਦਿਨ ਬਹੁਜਨ ਸਮਾਜ ਪਾਰਟੀ ‘ਪੰਜਾਬ ਦੇ ਪ੍ਰਧਾਨ ਅਵਤਾਰ ਸਿੰਘ ਕਰੀਮਪੂਰੀ ਵੱਲੋਂ ਇੰਡਸਟਰੀ ਵਿੰਗ ਦੀ ਸਥਾਪਨਾ ਕੀਤੀ ਗਈ, ਜਿਸ ਵਿੱਚ ਭੁਪਿੰਦਰ ਸਿੰਘ ਜੋੜਾ ਨੂੰ ਜ਼ੋਨ ਇੰਚਾਰਜ ਇੰਡਸਟਰੀ ਵਿੰਗ ਲਾਇਆ ਗਿਆ ਹੈ।
ਭੁਪਿੰਦਰ ਸਿੰਘ ਜੋੜਾ ਉੱਘੇ ਸਨਅਤਕਾਰ ਹਨ ਅਤੇ ਇੰਡਸਟਰੀ ਨਾਲ ਗੂੜ੍ਹਾ ਸਬੰਧ ਰੱਖਦੇ ਹਨ। ਪੱਛੜੇ ਸਮਾਜ ਨਾਲ ਸਬੰਧਤ ਹੋਣ ਕਾਰਨ ਉਨ੍ਹਾਂ ਦੀ ਇਸ ਨਿਯੁਕਤੀ ਨਾਲ ਉਦਯੋਗਪਤੀਆਂ ਅਤੇ ਸਨਅਤਕਰ ਵਿੱਚ ਖੁਸ਼ੀ ਦੀ ਲਹਿਰ ਪਾਈ ਜਾ ਰਹੀ ਹੈ।
ਇਸ ਮੌਕੇ ਬੋਲਦਿਆਂ ਭੁਪਿੰਦਰ ਸਿੰਘ ਜੋੜਾ ਨੇ ਕਿਹਾ ਕਿ ਅੱਜ ਤੱਕ ਜਿਹੜੀ ਸਮਾਲ ਸਕੇਲ ਇੰਡਸਟਰੀ ਹੈ, ਉਹ ਹਮੇਸ਼ਾ ਆਪਣੇ ਬਲਬੂਤੇ ‘ਤੇ ਖੜ੍ਹੀ ਹੈ ਅਤੇ ਵੱਡੇ ਘਰਾਣਿਆਂ ਨੂੰ ਕਦੇ ਵੀ ਇਹ ਬਰਦਾਸ਼ਤ ਨਹੀਂ ਹੁੰਦਾ। ਉਨ੍ਹਾਂ ਨੇ ਮਿਕਸਡ ਲੈਂਡ ਦੀ ਇੰਡਸਟਰੀ ਨੂੰ ਭੁਗਤਣ ਪੈ ਰਹੇ ਦੁੱਖਾਂ ਦਾ ਜ਼ਿਕਰ ਕਰਦਿਆਂ ਕਿਹਾ ਕਿ ਜਿਹੜੀ ਇੰਡਸਟਰੀ 1960 ਤੋਂ ਇਨ੍ਹਾਂ ਇਲਾਕਿਆਂ ਵਿੱਚ ਆਬਾਦ ਹੋਈ, ਜਿੱਥੇ ਮਿਹਨਤੀ ਕਿਰਤੀਆਂ ਨੇ ਆਪਣੀ ਮਿਹਨਤ ਨਾਲ ਫੈਕਟਰੀ ਮਾਲਕ ਬਣ ਕੇ ਇਨ੍ਹਾਂ ਇਲਾਕਿਆਂ ਨੂੰ ਵਸਾਇਆ, ਉਸ ਨੂੰ ਬਚਾਉਣਾ ਜ਼ਰੂਰੀ ਹੈ।
ਉਨ੍ਹਾਂ ਦੋਸ਼ ਲਾਇਆ ਕਿ ਰਵਾਇਤੀ ਪਾਰਟੀਆਂ (ਕਾਂਗਰਸ ਅਤੇ ਅਕਾਲੀ ਦਲ) ਨੇ ਹਮੇਸ਼ਾ ਸਰਮਾਏਦਾਰੀ ਦਾ ਪੱਖ ਪੂਰਿਆ ਹੈ ਅਤੇ ਇਨ੍ਹਾਂ ਇਲਾਕਿਆਂ ਨੂੰ ਸਨਅਤੀ ਇਲਾਕਾ ਐਲਾਨਣ ਦੀ ਬਜਾਏ ਉਲਟਾ ਉਜਾੜੇ ਵੱਲ ਧੱਕਿਆ ਹੈ। ਉਨ੍ਹਾਂ ਕਿਹਾ ਕਿ ਬਹੁਜਨ ਸਮਾਜ ਪਾਰਟੀ ਹੀ ਸਮਾਲ ਸਕੇਲ ਇੰਡਸਟਰੀ ਦੀ ਸੱਚੀ ਰੱਖਿਅਕ ਬਣ ਸਕਦੀ ਹੈ।
