ਨਗਰ ਕੌਂਸਲ ਨਵਾਂਸ਼ਹਿਰ , ਰਾਹੋਂ ਅਤੇ ਬੰਗਾ ’ਚ ਅੱਜ ਮਿਸ਼ਨ ਫ਼ਤਿਹ ਤਹਿਤ ਜਾਗਰੂਕਤਾ ਗਤੀਵਿਧੀਆਂ ਦਾ ਦੂਜਾ ਪੜਾਅ ਆਰੰਭ
ਕੋਰੋਨਾ ਦੇ ਪਸਾਰ ਨੂੰ ਰੋਕਣ ਲਈ ਨਗਰ ਕੌਂਸਲਾਂ ਦਾ ਸਟਾਫ਼ ਤੇ ਸਫ਼ਾਈ ਯੋਧੇ ਘਰ-ਘਰ ਲੋਕਾਂ ਨੂੰ ਸਮਝਾਉਣ ਨਿਕਲੇ
ਨਿਊਜ਼ ਪੰਜਾਬ
ਨਵਾਂਸ਼ਹਿਰ, 27 ਜੂਨ- ਪੰਜਾਬ ਸਰਕਾਰ ਵੱਲੋਂ ਮਿਸ਼ਨ ਫ਼ਤਿਹ ਤਹਿਤ ਸੂਬੇ ਨੂੰ ਕੋਵਿਡ ਮੁਕਤ ਬਣਾਉਣ ਦੀ ਮੁਹਿੰਮ ਦੇ ਦੂਜੇ ਪੜਾਅ ਨੂੰ ਆਰੰਭ ਕਰਦਿਆਂ ਅੱਜ ਜ਼ਿਲ੍ਹੇ ਦੀਆਂ ਨਗਰ ਕੌਂਸਲਾਂ ਦੇ ਸਟਾਫ਼ ਅਤੇ ਸਫ਼ਾਈ ਸੇਵਕਾਂ ਨੇ ਵੀ ਜੰਗੀ ਯੋਧਿਆਂ ਦਾ ਰੋਲ ਨਿਭਾਇਆ।
ਜ਼ਿਲ੍ਹੇ ’ਚ ਮਿਸ਼ਨ ਫ਼ਤਿਹ ਦੇ ਦੂਸਰੇ ਪੜਾਅ ਦੀਆਂ ਸਰਗਰਮੀਆਂ ਤਹਿਤ ਅੱਜ ਸ਼ਹਿਰੀ ਸੰਸਥਾਂਵਾਂ ਵੱਲੋਂ ਸ਼ਹਿਰ ਵਾਸੀਆਂ ਨਾਲ ਮਿਲ ਕੇ ਕੋੋਰਨਾ ਖ਼ਿਲਾਫ਼ ਚਲਾਈ ਜਾਗਰੂਕਤਾ ਮੁਹਿੰਮ ’ਚ ਹਿੱਸਾ ਲਿਆ ਗਿਆ। ਜ਼ਿਲ੍ਹੇ ਦੀਆਂ ਚਾਰਾਂ ਨਗਰ ਕੌਂਸਲਾਂ ’ਚ ਕੰਮ ਕਰਦੇ 284 ਸਫ਼ਾਈ ਸੇਵਕਾਂ ਨੇ ਆਪਣੀ ਰੋਜ਼ਾਨਾ ਦੀ ਸਫ਼ਾਈ ਦੀ ਡਿਊਟੀ ਨਿਭਾਉਣ ਤੋਂ ਬਾਅਦ ਲੋਕਾਂ ਨੂੰ ਕੋਰੋਨਾ ਤੋਂ ਰੋਕਥਾਮ ਲਈ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਦੇ ਸੁਨੇਹੇ ਕਿ ਘਰਾਂ ਤੋਂ ਬਾਹਰ ਨਿਕਲਣ ਲੱਗੇ ਮਾਸਕ ਜ਼ਰੂਰ ਪਹਿਨੋ, ਭੀੜ ਦਾ ਹਿੱਸਾ ਨਾ ਬਣ ਕੇ ਸਮਾਜਿਕ ਦੂਰੀ ਦੀ ਪਾਲਣਾ ਕਰੋ ਅਤੇ ਆਪਣੇ ਹੱਥਾਂ ਨੂੰ ਵਾਰ-ਵਾਰ ਧੋਵੋ, ਨੂੰ ਆਪਣੇ ਰੋਜ਼ਾਨਾ ਜੀਵਨ ਦਾ ਲਾਜ਼ਮੀ ਹਿੱਸਾ ਬਣਾਉਣ ਦੀ ਅਪੀਲ ਕੀਤੀ।
ਨਵਾਂਸ਼ਹਿਰ ਨਗਰ ਕੌਂਸਲਰ ਅਤੇ ਰਾਹੋਂ ਦੇ ਨਵਾਂਸ਼ਹਿਈ ਓ ਰਾਜੀਵ ਸਰੀਨ, ਨਗਰ ਕੌਂਸਲ ਬੰਗਾ ਦੇ ਈ ਓ ਰਾਜੀਵ ਉਬਰਾਏ ਤੇ ਨਗਰ ਕੌਂਸਲ ਬੰਗਾ ਦੇ ਈ ਓ ਘੁਰਬਰਨ ਸ਼ਰਮਾ ਨੇ ਦੱਸਿਆ ਕਿ ਅੱਜ ਨਗਰ ਕੌਂਸਲਾਂ ਦੇ ਮੁਲਾਜ਼ਮਾਂ ਵੱਲੋਂ ਆਪਣੀ ਰੋਜ਼ਾਨਾ ਡਿਊਟੀ ਦੇ ਨਾਲ-ਨਾਲ ਮਿਸ਼ਨ ਫ਼ਤਿਹ ਤਹਿਤ ਜਾਗਰੂਕਤਾ ਮੁਹਿੰਮ ਨੂੰ ਵੀ ਚਲਾਇਆ ਗਿਆ। ਨਗਰ ਕੌਂਸਲਾਂ ਵੱਲੋਂ ਅਜਿਹੀ ਜਾਗਰੂਕਤਾ ਮੁਹਿੰਮ ਬੀਤੇ ਐਤਵਾਰ ਵੀ ਚਲਾਈ ਗਈ। ਕਾਰਜ ਸਾਧਕ ਅਫ਼ਸਰਾਂ ਅਨੁਸਾਰ ਇਨ੍ਹਾਂ ਮੁਹਿੰਮਾਂ ਦਾ ਮਕਸਦ ਲੋਕਾਂ ਨੂੰ ਕੋਵਿਡ ਰੋਕਥਾਮ ਦੇ ਉਪਾਵਾਂ ਤੋਂ ਜਾਣੂ ਕਰਵਾ ਕੇ, ਰੋਗ ਦੀ ਲਾਗ ਤੋਂ ਬਚਾਉਣਾ ਹੈ। ਉਨ੍ਹਾਂ ਕਿਹਾ ਕਿ ਸਾਡਾ ਜ਼ਿਲ੍ਹਾ ਹੁਣ ਤੱਕ ਸਥਾਨਕ ਪੱਧਰ ਦੇ ਫੈਲਾਅ ਤੋਂ ਬਚਿਆ ਹੋਇਆ ਹੈ ਅਤੇ ਅਸੀਂ ਸਾਰੇ ਇਸ ਗੱਲ ਨੂੰ ਯਕੀਨੀ ਬਣਾ ਰਹੇ ਹਾਂ ਕਿ ਸਥਾਨਕ ਪੱਧਰ ਦੇ ਫੈਲਾਅ ਪ੍ਰਤੀ ਲੋਕਾਂ ਨੂੰ ਵੱਧ ਤੋਂ ਵੱਧ ਸਾਵਧਾਨ ਕੀਤਾ ਜਾਵੇ।
ਰਾਹੋਂ ’ਚ ਲੋਕਾਂ ਨੂੰ ਖਬਰਦਾਰ ਕਰਨ ਵਾਲਿਆਂ ’ਚ ਸ਼ਾਮਿਲ ਨਗਰ ਕੌਂਸਲ ਦੇ ਸਟਾਫ਼ ਜਗਦੀਪ, ਕਿ੍ਰਪਾਲ ਸਿੰਘ, ਪ੍ਰਸ਼ੋਤਮ ਲਾਲ, ਸੁਰਿੰਦਰ ਤੇ ਮੋਟੀਵੇਟਰ ਜਸਵਿੰਦਰ ਸਿੰਘ ਦਾ ਕਹਿਣਾ ਸੀ ਕਿ ਸਫ਼ਾਈ ਕਰਮਚਾਰੀ ਯੋਧਿਆਂ ਦੀ ਤਰ੍ਹਾਂ ਇਸ ਵੇਲੇ ਦੋ ਮੋਰਚਿਆਂ ’ਤੇ ਕੰਮ ਕਰ ਰਹੇ ਹਨ। ਇੱਕ ਤਾਂ ਸਵੇਰੇ ਤੇ ਦੁਪਹਿਰ ਬਾਅਦ ਆਪਣੀਆਂ ਦੋ ਸਿਫ਼ਟਾਂ ’ਚ ਸਫ਼ਾਈ ਦੀ ਡਿਊਟੀ ਕਰ ਰਹੇ ਹਨ, ਦੂਸਰਾ ਲੋਕਾਂ ਨੂੰ ਕੋਵਿਡ ਤੋਂ ਬਚਾਅ ਲਈ ਮਿਸ਼ਨ ਫ਼ਤਿਹ ਤਹਿਤ ਜਾਗਰੂਕ ਕਰ ਰਹੇ ਹਨ।
ਨਵਾਂਸ਼ਹਿਰ ’ਚ ਨਗਰ ਕੌਂਸਲ ਸਟਾਫ਼ ’ਚ ਸ਼ਾਮਿਲ ਸਤਪਾਲ, ਸੂਰਜ ਖੋਸਲਾ, ਨੀਤਿਕਾ ਕੰਗ, ਡਾਲੀ ਤੇ ਬਬਲੂ ਨੇ ਦੱਸਿਆ ਕਿ ਸਾਰੇ ਕਰਮਚਾਰੀਆਂ ਨੇ ਆਪਣੀ ਜਾਗਰੂਕ ਕਰਨ ਦੀ ਡਿਊਟੀ ਨੂੰ ਬੜੀ ਜ਼ਿੰਮੇਂਵਾਰੀ ਨਾਲ ਨਿਭਾਇਆ ਹੈ। ਉਨ੍ਹਾਂ ਦਾ ਕਹਿਣਾ ਸੀ ਕਿ ਸਾਡੇ ਸਫ਼ਾਈ ਕਰਮਚਾਰੀ ਸਾਥੀ ਅਸਲ ਮਾਅਨਿਆ ’ਚ ਕੋਰੋਨਾ ਯੋਧਿਆਂ ਵਜੋਂ ਵਿਚਰ ਰਹੇ ਹਨ ਅਤੇ ਲੋਕਾਂ ਨੂੰ ਦੱਸ ਰਹੇ ਹਨ ਕਿ ਕੋਵਿਡ ਤੋਂ ਬਚਣ ਲਈ ਸਾਵਧਾਨੀਆਂ ਦਾ ਖਿਆਲ ਰੱਖੋ।
================================================================
ਫ਼ੋਟੋ ਕੈਪਸ਼ਨ: ਜ਼ਿਲ੍ਹੇ ’ਚ ਸ਼ਨਿੱਚਰਵਾਰ ਨੂੰ ਨਗਰ ਕੌਂਸਲਾਂ ਵੱਲੋਂ ਮਿਸ਼ਨ ਫ਼ਤਿਹ ਤਹਿਤ ਚਲਾਈ ਗਈ ਜਾਗਰੂਕਤਾ ਮੁਹਿੰਮ ਤਹਿਤ ਹੋਈਆਂ ਗਤੀਵਿਧੀਆਂ।