ਮਿਸ਼ਨ ਫ਼ਤਿਹ ਤਹਿਤ ਸ਼ਹੀਦ ਭਗਤ ਸਿੰਘ ਨਗਰ ਜ਼ਿਲ੍ਹੇ ’ਚ ਕੋਵਿਡ-19 ’ਤੇ ਮੁਕੰਮਲ ਫ਼ਤਿਹ ਲਈ ਆਸ਼ਾ ਵਰਕਰਾਂ, ਏ ਐਨ ਐਮ ਤੇ ਹੈਲਥ ਵਰਕਰ ਵਿਸ਼ੇਸ਼ ਮੁਹਿੰਮ ’ਚ ਜੁਟੇ

ਮਿਸ਼ਨ ਫ਼ਤਿਹ ਤਹਿਤ ਜ਼ਿਲ੍ਹੇ ’ਚ ਕੋਵਿਡ-19 ’ਤੇ ਮੁਕੰਮਲ ਫ਼ਤਿਹ ਲਈ ਆਸ਼ਾ ਵਰਕਰਾਂ, ਏ ਐਨ ਐਮ ਤੇ ਹੈਲਥ ਵਰਕਰ ਵਿਸ਼ੇਸ਼ ਮੁਹਿੰਮ ’ਚ ਜੁਟੇ

ਨਿਊਜ਼ ਪੰਜਾਬ

ਨਵਾਂਸ਼ਹਿਰ, 27 ਜੂਨ- ਮਿਸ਼ਨ ਫ਼ਤਿਹ ਤਹਿਤ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੀ ਕੋਵਿਡ-19 ’ਤੇ ਮੁਕੰਮਲ ਫ਼ਤਿਹ ਲਈ ਆਸ਼ਾ ਵਰਕਰਾਂ, ਏ ਐਨ ਐਮ ਤੇ ਹੈਲਥ ਵਰਕਰ ਵਿਸ਼ੇਸ਼ ਮੁਹਿੰਮ ’ਚ ਜੁਟ ਗਏ ਹਨ।

ਸਿਵਲ ਸਰਜਨ ਡਾ. ਰਾਜਿੰਦਰ ਭਾਟੀਆ ਨੇ ਦੱਸਿਆ ਕਿ ਜ਼ਿਲ੍ਹੇ ਦੇ ਹਰੇਕ ਘਰ ’ਚ ਜਾਣ ਦੇ ਟੀਚੇ ਤਹਿਤ ਚਲਾਈ ਗਈ ਇਸ ਮੁਹਿੰਮ ਦਾ ਉਦੇਸ਼ ਲੋਕਾਂ ਨੂੰ ਕੋਵਿਡ-19 ਸਾਵਧਾਨੀਆਂ ਅਤੇ ਲੱਛਣਾਂ ਪ੍ਰਤੀ ਜਾਗਰੂਕ ਕਰਨਾ ਹੈ। ਉਨ੍ਹਾਂ ਦੱਸਿਆ ਕਿ ਇਹ ਟੀਮ ਹਰੇਕ ਘਰ ਜਾ ਕੇ ਜਿੱਥੇ ਉਸ ਘਰ ’ਚ ਵੱਖ-ਵੱਖ ਬਿਮਾਰੀਆਂ ਨਾਲ ਸਬੰਧਤ ਮਰੀਜ਼ਾਂ ਬਾਰੇ ਜਾਣਕਾਰੀ ਹਾਸਲ ਕਰਦੀ ਹੈ ਉੱਥੇ ਨਾਲ ਹੀ ਉਨ੍ਹਾਂ ਨੂੰ ਕੋਵਿਡ ਤੋਂ ਖਬਰਦਾਰ ਕਰਦੇ ਹੋਏ, ਮੂੰਹ ’ਤੇ ਮਾਸਕ ਲਾਉਣ, ਸਮਾਜਿਕ ਦੂਰੀ ਰੱਖਣ ਅਤੇ ਹੱਥ ਵਾਰ-ਵਾਰ ਧੋਣ ਬਾਰੇ ਦੱਸਦੇ ਹਨ।

ਉਨ੍ਹਾਂ ਦੱਸਿਆ ਕਿ ਡਿਪਟੀ ਕਮਿਸ਼ਨਰ ਡਾ. ਸ਼ੇਨਾ ਅਗਰਵਾਲ ਵੱਲੋਂ ਸ਼ੁਰੂ ਕੀਤੀ ਮਿਸ਼ਨ ਫ਼ਤਿਹ ਜਾਗਰੂਕਤਾ ਮੁਹਿੰਮ ਤਹਿਤ ਹਰੇਕ ਘਰ ਦੇ ਬਾਹਰ ਕੋਵਿਡ ਸਾਵਧਾਨੀਆਂ ਬਾਰੇ ਯਾਦ ਕਰਵਾਉਣ ਇੱਕ-ਇੱਕ ਸਟਿੱਕਰ ਚਿਪਕਾਇਆ ਜਾ ਰਿਹਾ ਹੈ, ਜਿਸ ਵਿੱਚ ਜ਼ਿਲ੍ਹਾ ਕੋਵਿਡ ਕੰਟਰੋਲ ਰੂਮ ਦੇ ਨੰਬਰ 01823-227470 ਅਤੇ 227471 ਬਾਰੇ ਵੀ ਦੱਸਿਆ ਗਿਆ ਹੈ।

ਅੱਜ ਨਵਾਂਸ਼ਹਿਰ ਦੇ ਹੀਰਾਂ ਜੱਟਾਂ ਮੁਹੱਲੇ ’ਚ ਸਰਵੇਖਣ ’ਤੇ ਨਿਕਲੀ ਸਿਹਤ ਵਿਭਾਗ ਦੀ ਟੀਮ ’ਚ ਸ਼ਾਮਿਲ ਬਲਵਿੰਦਰ ਕੌਰ ਐਲ ਐਚ ਵੀ, ਏ ਐਨ ਐਮ ਅਵਤਾਰ ਕੌਰ, ਆਸ਼ਾ ਪਰਮਜੀਤ ਕੌਰ, ਆਂਗਣਵਾੜੀ ਵਰਕਰ ਪਰਮਜੀਤ ਕੌਰ, ਕੰਪਿਊਟਰ ਅਧਿਆਪਕ ਪਰਮੋਦ ਕੁਮਾਰ ਤੇ ਬੀ ਈ ਈ ਤਰਸੇਮ ਲਾਲ ਨੇ ਦੱਸਿਆ ਕਿ ਉਹ ਸ਼ਹਿਰ ਦੇ ਇੱਕ-ਇੱਕ ਘਰ ਜਾ ਕੇ ਲੋਕਾਂ ਨੂੰ ਪੁਰਾਣੀਆਂ ਬਿਮਾਰੀਆਂ ਬਾਰੇ ਵੀ ਪੁੱਛ ਰਹੇ ਹਨ ਅਤੇ ਨਾਲ ਹੀ ਉਨ੍ਹਾਂ ਦਾ ਡਾਟਾ ਆਨਲਾਈਨ ਵੀ ਭਰ ਰਹੇ ਹਨ। ਉਨ੍ਹਾਂ ਦੱਸਿਆ ਕਿ ਲੋਕ ਕੋਵਿਡ ਪ੍ਰਤੀ ਜਾਣਕਾਰੀ ਲੈਣ ’ਚ ਖੁਦ ਵੀ ਬੜੀ ਦਿਲਚਸਪੀ ਦਿਖਾਉਂਦੇ ਹਨ।