ਨਿਊਜ਼ ਪੰਜਾਬ
29 ਅਕਤੂਬਰ,2026
ਕੋਲਕਾਤਾ ਵਿੱਚ ਭੋਜਨ ਸੁਰੱਖਿਆ ਮਾਪਦੰਡਾਂ ਦੀ ਉਲੰਘਣਾ ਦੇ ਮਾਮਲੇ ਵਿੱਚ ਫੂਡ ਸੇਫਟੀ ਵਿਭਾਗ ਨੇ ਹਲਦੀਰਾਮ ਦੇ ਰੈਸਟੋਰੈਂਟ ਖ਼ਿਲਾਫ਼ ਕਾਰਵਾਈ ਕੀਤੀ ਹੈ। ਅਧਿਕਾਰੀਆਂ ਨੇ ਵੀਆਈਪੀ ਰੋਡ ਸਥਿਤ ਰੈਸਟੋਰੈਂਟ ਦੀ ਜਾਂਚ ਦੌਰਾਨ ਖਾਣਾ ਰੱਖਣ ਵਾਲੀਆਂ ਸ਼ੈਲਫਾਂ ਦੇ ਹਨੇਰੇ ਕੋਨਿਆਂ ਅਤੇ ਮੇਜ਼ਾਂ ਦੇ ਹੇਠਾਂ ਕਾਕਰੋਚ ਤੇ ਮੱਖੀਆਂ ਪਾਈਆਂ। ਸਫ਼ਾਈ ਵਿੱਚ ਕਮੀਆਂ ਸਾਹਮਣੇ ਆਉਣ ਤੋਂ ਬਾਅਦ ਰੈਸਟੋਰੈਂਟ ਨੂੰ ਦੋ ਦਿਨਾਂ ਲਈ ਬੰਦ ਕਰਨ ਦਾ ਫ਼ੈਸਲਾ ਕੀਤਾ ਗਿਆ ਹੈ, ਤਾਂ ਜੋ ਸਫ਼ਾਈ ਅਤੇ ਕੀਟ ਨਿਯੰਤਰਣ ਦੇ ਉਪਾਅ ਕੀਤੇ ਜਾ ਸਕਣ। ਵਿਭਾਗ ਨੇ ਤਲ਼ਣ ਲਈ ਵਰਤੇ ਜਾਣ ਵਾਲੇ ਤੇਲ ਦੀ ਗੁਣਵੱਤਾ ਦੀ ਜਾਂਚ ਕਰਨ ਵਾਸਤੇ ਟੈਸਟਿੰਗ ਮਸ਼ੀਨ ਲਗਾਉਣ ਦੇ ਵੀ ਨਿਰਦੇਸ਼ ਦਿੱਤੇ ਹਨ। ਰੈਸਟੋਰੈਂਟ ਪ੍ਰਬੰਧਕਾਂ ਨੂੰ ਸਫ਼ਾਈ ਦੇ ਸਾਰੇ ਲੋੜੀਂਦੇ ਉਪਾਅ ਪੂਰੇ ਕਰਨ ਤੋਂ ਬਾਅਦ ਵਿਭਾਗ ਨੂੰ ਸੂਚਿਤ ਕਰਨਾ ਹੋਵੇਗਾ। ਅਧਿਕਾਰੀਆਂ ਵੱਲੋਂ ਮੁੜ ਜਾਂਚ ਕੀਤੇ ਜਾਣ ਅਤੇ ਪ੍ਰਬੰਧਾਂ ’ਤੇ ਸੰਤੁਸ਼ਟੀ ਪ੍ਰਗਟਾਉਣ ਤੋਂ ਬਾਅਦ ਹੀ ਰੈਸਟੋਰੈਂਟ ਨੂੰ ਦੁਬਾਰਾ ਖੋਲ੍ਹਣ ਦੀ ਇਜਾਜ਼ਤ ਮਿਲੇਗੀ। ਦੀਵਾਲੀ ਤੋਂ ਪਹਿਲਾਂ ਗਾਹਕਾਂ ਦੀ ਵਧਦੀ ਗਿਣਤੀ ਦੇ ਮੱਦੇਨਜ਼ਰ ਇਹ ਕਾਰਵਾਈ ਭੋਜਨ ਦੀ ਸਫ਼ਾਈ ਅਤੇ ਸੁਰੱਖਿਆ ਦੇ ਮਾਪਦੰਡਾਂ ਦੀ ਪਾਲਣਾ ਦੀ ਮਹੱਤਤਾ ਨੂੰ ਉਜਾਗਰ ਕਰਦੀ ਹੈ।
