ਨਿਊਜ਼ ਪੰਜਾਬ
27 ਅਕਤੂਬਰ,2026
ਰੇਲਵੇ ਯਾਤਰੀਆਂ ਲਈ ਵੱਡੀ ਖ਼ਬਰ ਸਾਹਮਣੇ ਆਈ ਹੈ। ਹੁਣ ਰੇਲਵੇ ਸਟੇਸ਼ਨ ਦੇ ਰਿਜ਼ਰਵੇਸ਼ਨ ਕਾਊਂਟਰ ਤੋਂ ਟਿਕਟ ਖਰੀਦਣ ਵਾਲੇ ਯਾਤਰੀ ਵੀ ਸਿਰਫ਼ 45 ਪੈਸੇ ਦੇ ਪ੍ਰੀਮੀਅਮ ‘ਤੇ ₹10 ਲੱਖ ਤੱਕ ਦੇ ਯਾਤਰਾ ਬੀਮੇ ਦੀ ਸਹੂਲਤ ਲੈ ਸਕਣਗੇ। ਇਹ ਨਵਾਂ ਨਿਯਮ 27 ਅਕਤੂਬਰ 2026 ਤੋਂ ਲਾਗੂ ਹੋਣ ਦੀ ਜਾਣਕਾਰੀ ਦਿੱਤੀ ਗਈ ਹੈ। ਇਸ ਤੋਂ ਪਹਿਲਾਂ ਇਹ ਸਹੂਲਤ ਮੁੱਖ ਤੌਰ ‘ਤੇ ਆਨਲਾਈਨ ਟਿਕਟ ਬੁੱਕ ਕਰਨ ਵਾਲੇ ਯਾਤਰੀਆਂ ਲਈ ਉਪਲਬਧ ਸੀ। ਬੀਮਾ ਯੋਜਨਾ ਤਹਿਤ ਮੌਤ ਜਾਂ ਸਥਾਈ ਪੂਰੀ ਅਪੰਗਤਾ ਦੀ ਸਥਿਤੀ ਵਿੱਚ ₹10 ਲੱਖ, ਸਥਾਈ ਅੰਸ਼ਕ ਅਪੰਗਤਾ ਲਈ ₹7.5 ਲੱਖ ਅਤੇ ਹਾਦਸੇ ਕਾਰਨ ਹਸਪਤਾਲ ਦੇ ਖਰਚਿਆਂ ਲਈ ₹2 ਲੱਖ ਤੱਕ ਦੀ ਕਵਰੇਜ ਦਿੱਤੀ ਜਾ ਸਕਦੀ ਹੈ। ਇਸ ਸਹੂਲਤ ਦਾ ਲਾਭ ਲੈਣ ਲਈ ਯਾਤਰੀਆਂ ਨੂੰ ਟਿਕਟ ਬੁੱਕ ਕਰਵਾਉਂਦੇ ਸਮੇਂ ਡਿਜੀਟਲ ਭੁਗਤਾਨ ਕਰਨਾ ਅਤੇ ਸਹੀ ਮੋਬਾਈਲ ਨੰਬਰ ਤੇ ਹੋਰ ਲੋੜੀਂਦੇ ਵੇਰਵੇ ਦੇਣੇ ਹੋਣਗੇ। ਨਕਦ ਭੁਗਤਾਨ ਕਰਨ ਵਾਲੇ ਯਾਤਰੀ ਇਸ ਬੀਮੇ ਲਈ ਯੋਗ ਨਹੀਂ ਹੋਣਗੇ। ਇਹ ਕਦਮ ਕਾਊਂਟਰ ਤੋਂ ਟਿਕਟ ਖਰੀਦਣ ਵਾਲੇ ਯਾਤਰੀਆਂ ਨੂੰ ਵੀ ਆਨਲਾਈਨ ਬੁਕਿੰਗ ਕਰਨ ਵਾਲਿਆਂ ਦੇ ਬਰਾਬਰ ਬੀਮਾ ਸਹੂਲਤ ਦੇਣ ਦੇ ਉਦੇਸ਼ ਨਾਲ ਚੁੱਕਿਆ ਗਿਆ ਹੈ।
