ਪਰਵਿੰਦਰ ਝੋਟਾ ਕਤਲ ਮਾਮਲਾ: ਮੁਲਜ਼ਮ ਫਾਰਮਾਸਿਸਟ ਦੀ ਰਜਿਸਟ੍ਰੇਸ਼ਨ ਰੱਦ

ਨਿਊਜ਼ ਪੰਜਾਬ

22 ਅਕਤੂਬਰ,2026

ਮੋਹਾਲੀ: ਸਮਾਜ ਸੇਵੀ ਪਰਮਿੰਦਰ ਸਿੰਘ ਝੋਟਾ ਦੇ ਕਤਲ ਮਾਮਲੇ ਵਿੱਚ ਨਾਮਜ਼ਦ ਫਾਰਮਾਸਿਸਟ ਅਸ਼ਵਨੀ ਕੁਮਾਰ ਖ਼ਿਲਾਫ਼ ਪੰਜਾਬ ਫਾਰਮੇਸੀ ਕੌਂਸਲ ਨੇ ਸਖ਼ਤ ਕਾਰਵਾਈ ਕੀਤੀ ਹੈ। ਕੌਂਸਲ ਦੇ ਚੇਅਰਮੈਨ ਸੁਸ਼ੀਲ ਕੁਮਾਰ ਬਾਂਸਲ ਅਨੁਸਾਰ, ਕੌਂਸਲ ਨੇ ਅਸ਼ਵਨੀ ਕੁਮਾਰ ਦੀ ਫਾਰਮਾਸਿਸਟ ਰਜਿਸਟ੍ਰੇਸ਼ਨ ਰੱਦ ਕਰ ਦਿੱਤੀ ਹੈ। ਇਹ ਫ਼ੈਸਲਾ 20 ਅਕਤੂਬਰ 2026 ਨੂੰ ਹੋਈ ਐਗਜ਼ੀਕਿਊਟਿਵ ਕਮੇਟੀ ਦੀ ਮੀਟਿੰਗ ਵਿੱਚ ਲਿਆ ਗਿਆ ਸੀ। 22 ਅਕਤੂਬਰ ਨੂੰ ਜਾਰੀ ਕੀਤੇ ਗਏ ਹੁਕਮਾਂ ਤਹਿਤ ਫਾਰਮੇਸੀ ਐਕਟ, 1948 ਦੀ ਧਾਰਾ 36(1)(ii) ਅਧੀਨ ਉਸ ਦਾ ਨਾਮ ਰਜਿਸਟਰਡ ਫਾਰਮਾਸਿਸਟਾਂ ਦੀ ਸੂਚੀ ਵਿੱਚੋਂ ਹਮੇਸ਼ਾ ਲਈ ਹਟਾ ਦਿੱਤਾ ਗਿਆ ਹੈ। ਚੇਅਰਮੈਨ ਨੇ ਕਿਹਾ ਕਿ ਅਪਰਾਧਿਕ ਗਤੀਵਿਧੀਆਂ ਵਿੱਚ ਸ਼ਾਮਲ ਵਿਅਕਤੀਆਂ ਲਈ ਫਾਰਮੇਸੀ ਖੇਤਰ ਵਿੱਚ ਕੋਈ ਥਾਂ ਨਹੀਂ ਹੈ ਅਤੇ ਕੌਂਸਲ ਭਵਿੱਖ ਵਿੱਚ ਵੀ ਅਜਿਹੇ ਮਾਮਲਿਆਂ ਵਿੱਚ ਸਖ਼ਤ ਕਾਰਵਾਈ ਜਾਰੀ ਰੱਖੇਗੀ।