ਕੈਨੇਡਾ ਦੇ ਫੌਜੀ ਅੱਡੇ ’ਤੇ ਭਿਆਨਕ ਅੱਗ, ਕਈ ਸੈਨਿਕਾਂ ਦੀ ਮੌਤ ਤੇ ਕਈ ਜ਼ਖ਼ਮੀ, ਤੇਜ਼ ਹਵਾਵਾਂ ਕਾਰਨ ਵਿਗੜੇ ਹਾਲਾਤ

ਨਿਊਜ਼ ਪੰਜਾਬ

18 ਅਕਤੂਬਰ,2026

ਕੈਨੇਡਾ ਦੇ ਅਲਬਰਟਾ ਸੂਬੇ ਵਿੱਚ ਵੈਨਰਾਈਟ ਫੌਜੀ ਅੱਡੇ ਦੇ ਸਿਖਲਾਈ ਖੇਤਰ ਵਿੱਚ ਸ਼ਨੀਵਾਰ ਨੂੰ ਭਿਆਨਕ ਅੱਗ ਲੱਗਣ ਕਾਰਨ ਵੱਡਾ ਹਾਦਸਾ ਵਾਪਰ ਗਿਆ। ਤੇਜ਼ ਹਵਾਵਾਂ ਕਾਰਨ ਅੱਗ ਨੇ ਤੇਜ਼ੀ ਨਾਲ ਫੈਲ ਕੇ ਫੌਜੀ ਅੱਡੇ ਦੀਆਂ ਹੱਦਾਂ ਪਾਰ ਕਰ ਲਈਆਂ ਅਤੇ ਆਲੇ-ਦੁਆਲੇ ਦੇ ਇਲਾਕਿਆਂ ਨੂੰ ਵੀ ਆਪਣੀ ਲਪੇਟ ਵਿੱਚ ਲੈ ਲਿਆ। ਅਧਿਕਾਰੀਆਂ ਅਨੁਸਾਰ, ਇਸ ਘਟਨਾ ਵਿੱਚ ਕੁਝ ਸੈਨਿਕਾਂ ਦੀ ਮੌਤ ਹੋ ਗਈ, ਜਦਕਿ ਕਈ ਹੋਰ ਜ਼ਖ਼ਮੀ ਹੋਏ ਹਨ। ਹਾਲਾਂਕਿ, ਮ੍ਰਿਤਕਾਂ ਅਤੇ ਜ਼ਖ਼ਮੀਆਂ ਦੀ ਸਹੀ ਗਿਣਤੀ ਅਜੇ ਜਾਰੀ ਨਹੀਂ ਕੀਤੀ ਗਈ। ਕੈਨੇਡਾ ਦੇ ਰੱਖਿਆ ਮੰਤਰੀ ਡੇਵਿਡ ਮੈਕਗਿੰਟੀ ਨੇ ਘਟਨਾ ’ਤੇ ਡੂੰਘਾ ਦੁੱਖ ਪ੍ਰਗਟ ਕਰਦਿਆਂ ਦੱਸਿਆ ਕਿ ਅੱਗ ਲੱਗਣ ਦੇ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ। ਅਲਬਰਟਾ ਦੀ ਪ੍ਰੀਮੀਅਰ ਡੈਨੀਅਲ ਸਮਿਥ ਅਤੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਵੀ ਇਸ ਹਾਦਸੇ ’ਤੇ ਦੁੱਖ ਜਤਾਇਆ ਹੈ। ਅੱਗ ’ਤੇ ਕਾਬੂ ਪਾਉਣ ਅਤੇ ਪ੍ਰਭਾਵਿਤ ਲੋਕਾਂ ਦੀ ਸਹਾਇਤਾ ਲਈ ਕਈ ਐਮਰਜੈਂਸੀ ਏਜੰਸੀਆਂ ਅਤੇ ਹੋਰ ਸੂਬਿਆਂ ਦੀਆਂ ਟੀਮਾਂ ਕੰਮ ਕਰ ਰਹੀਆਂ ਹਨ। ਪ੍ਰਸ਼ਾਸਨ ਨੇ ਲੋਕਾਂ ਨੂੰ ਘਟਨਾ ਵਾਲੀ ਥਾਂ ਤੋਂ ਦੂਰ ਰਹਿਣ, ਐਮਰਜੈਂਸੀ ਵਾਹਨਾਂ ਲਈ ਸੜਕਾਂ ਖਾਲੀ ਰੱਖਣ ਅਤੇ ਬਿਨਾਂ ਜ਼ਰੂਰਤ ਵੈਨਰਾਈਟ ਹੈਲਥ ਸੈਂਟਰ ਨਾ ਜਾਣ ਦੀ ਅਪੀਲ ਕੀਤੀ ਹੈ। ਅੱਗ ਲੱਗਣ ਦੇ ਅਸਲ ਕਾਰਨਾਂ ਅਤੇ ਨੁਕਸਾਨ ਸਬੰਧੀ ਹੋਰ ਜਾਣਕਾਰੀ ਜਾਂਚ ਪੂਰੀ ਹੋਣ ਤੋਂ ਬਾਅਦ ਸਾਹਮਣੇ ਆਉਣ ਦੀ ਉਮੀਦ ਹੈ।