ਨਿਊਜ਼ ਪੰਜਾਬ
18 ਅਕਤੂਬਰ,2026
ਮੁੰਬਈ ਨਗਰ ਨਿਗਮ (BMC) ਵੱਲੋਂ ਬਾਲੀਵੁੱਡ ਅਦਾਕਾਰ ਅਜੇ ਦੇਵਗਨ ਦੇ ਜਹੂ ਸਥਿਤ ਬੰਗਲੇ ਵਿੱਚ ਕਥਿਤ ਗੈਰ-ਕਾਨੂੰਨੀ ਨਿਰਮਾਣ ਖ਼ਿਲਾਫ਼ ਕਾਰਵਾਈ ਕੀਤੇ ਜਾਣ ਦੀਆਂ ਖ਼ਬਰਾਂ ਸਾਹਮਣੇ ਆਈਆਂ ਹਨ। ਰਿਪੋਰਟਾਂ ਮੁਤਾਬਕ, ਬਿਨਾਂ ਮਨਜ਼ੂਰੀ ਦੇ ਕੀਤੇ ਜਾ ਰਹੇ ਨਿਰਮਾਣ ਕਾਰਨ ਇਮਾਰਤ ਦੇ ਕੁਝ ਹਿੱਸੇ ਢਾਹੇ ਗਏ ਹਨ। ਦੱਸਿਆ ਜਾ ਰਿਹਾ ਹੈ ਕਿ ਨਗਰ ਨਿਗਮ ਵੱਲੋਂ ਪਹਿਲਾਂ ਕੰਮ ਰੋਕਣ ਲਈ ਨੋਟਿਸ ਵੀ ਜਾਰੀ ਕੀਤਾ ਗਿਆ ਸੀ, ਪਰ ਇਸ ਦੇ ਬਾਵਜੂਦ ਉਸਾਰੀ ਜਾਰੀ ਰਹਿਣ ਦਾ ਦੋਸ਼ ਹੈ। ਹਾਲਾਂਕਿ, ਅਜੇ ਦੇਵਗਨ ਦੇ ਪੀਆਰ ਪਰਾਗ ਦੇਸਾਈ ਨੇ ਇਨ੍ਹਾਂ ਖ਼ਬਰਾਂ ਨੂੰ ਬੇਬੁਨਿਆਦ ਦੱਸਦਿਆਂ ਖੰਡਨ ਕੀਤਾ ਹੈ। ਉਨ੍ਹਾਂ ਮੁਤਾਬਕ, BMC ਦੀ ਟੀਮ ਅਜੇ ਦੇਵਗਨ ਦੇ ਬੰਗਲੇ ’ਤੇ ਨਹੀਂ ਪਹੁੰਚੀ ਸੀ। ਉਨ੍ਹਾਂ ਇਹ ਵੀ ਸਪੱਸ਼ਟ ਕੀਤਾ ਕਿ ਜਿਸ ਜਾਇਦਾਦ ਨੂੰ ਲੈ ਕੇ ਖ਼ਬਰਾਂ ਆ ਰਹੀਆਂ ਹਨ, ਉਹ ਅਜੇ ਦੇਵਗਨ ਦੇ ਘਰ ਤੋਂ ਕੁਝ ਦੂਰੀ ’ਤੇ ਸਥਿਤ ਹੈ ਅਤੇ ਅਦਾਕਾਰ ਨੇ ਉਹ ਜਾਇਦਾਦ ਕਿਰਾਏ ’ਤੇ ਦਿੱਤੀ ਹੋਈ ਹੈ।
