ਜਲੰਧਰ ਕੈਂਟ ‘ਚ ‘ਆਪ’ ਨੂੰ ਵੱਡਾ ਝਟਕਾ, 11 ਵਿੱਚੋਂ 10 ਬਲਾਕ ਪ੍ਰਧਾਨਾਂ ਵੱਲੋਂ ਅਸਤੀਫ਼ੇ ਦਾ ਐਲਾਨ

ਨਿਊਜ਼ ਪੰਜਾਬ

17 ਅਕਤੂਬਰ,2026

ਜਲੰਧਰ ਕੈਂਟ ਵਿਧਾਨ ਸਭਾ ਹਲਕੇ ਵਿੱਚ ਆਮ ਆਦਮੀ ਪਾਰਟੀ (ਆਪ) ਅੰਦਰ ਬਗਾਵਤ ਦੇ ਸੁਰ ਤੇਜ਼ ਹੋ ਗਏ ਹਨ। ਰਾਜਵਿੰਦਰ ਥਿਆੜਾ ਨੂੰ ਹਲਕਾ ਇੰਚਾਰਜ ਦੇ ਅਹੁਦੇ ਤੋਂ ਹਟਾ ਕੇ ਦੀਪਕ ਬਾਲੀ ਨੂੰ ਨਵੀਂ ਜ਼ਿੰਮੇਵਾਰੀ ਸੌਂਪਣ ਦੇ ਪਾਰਟੀ ਦੇ ਫ਼ੈਸਲੇ ਦਾ ਵਿਰੋਧ ਕਰਦਿਆਂ 11 ਵਿੱਚੋਂ 10 ਬਲਾਕ ਪ੍ਰਧਾਨਾਂ ਨੇ ਅਸਤੀਫ਼ੇ ਦੇਣ ਦਾ ਐਲਾਨ ਕੀਤਾ ਹੈ। ਇਸ ਤੋਂ ਇਲਾਵਾ ਮਹਿਲਾ ਵਿੰਗ, ਯੂਥ ਵਿੰਗ ਅਤੇ ‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਨਾਲ ਜੁੜੇ ਕਈ ਅਹੁਦੇਦਾਰਾਂ ਨੇ ਵੀ ਆਪਣੇ ਅਹੁਦਿਆਂ ਤੋਂ ਅਸਤੀਫ਼ੇ ਦੇ ਕੇ ਨਾਰਾਜ਼ਗੀ ਜ਼ਾਹਰ ਕੀਤੀ ਹੈ। ਇਸ ਸਬੰਧੀ ਹੋਈ ਮੀਟਿੰਗ ਵਿੱਚ ਸਰਪੰਚਾਂ, ਕੌਂਸਲਰਾਂ ਅਤੇ ਹੋਰ ਪਾਰਟੀ ਆਗੂਆਂ ਨੇ ਰਾਜਵਿੰਦਰ ਥਿਆੜਾ ਦੇ ਸਮਰਥਨ ਵਿੱਚ ਇਕਜੁੱਟਤਾ ਦਿਖਾਈ। ਇਸ ਘਟਨਾਕ੍ਰਮ ਨੇ ਜਲੰਧਰ ਕੈਂਟ ਵਿੱਚ ‘ਆਪ’ ਦੀ ਸਿਆਸਤ ਵਿੱਚ ਹਲਚਲ ਮਚਾ ਦਿੱਤੀ ਹੈ।