ਨਿਊਜ਼ ਪੰਜਾਬ
12 ਅਕਤੂਬਰ,2026
ਮਾਨਸਾ ਜ਼ਿਲ੍ਹੇ ਦੇ ਬੁਢਲਾਡਾ ਵਿਧਾਨ ਸਭਾ ਹਲਕੇ ਵਿੱਚ ਸਿਆਸੀ ਹਲਚਲ ਤੇਜ਼ ਹੋ ਗਈ ਹੈ। ਭਾਜਪਾ ਦੇ ਸੀਨੀਅਰ ਆਗੂ ਬਲਵਿੰਦਰ ਸਿੰਘ ਪਟਵਾਰੀ ਨੇ ਪਾਰਟੀ ਤੋਂ ਅਸਤੀਫ਼ਾ ਦੇ ਕੇ ਮੁੜ ਸ਼੍ਰੋਮਣੀ ਅਕਾਲੀ ਦਲ ਵਿੱਚ ਵਾਪਸੀ ਕਰ ਲਈ ਹੈ। ਉਨ੍ਹਾਂ ਨੇ ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਨੂੰ ਆਪਣਾ ਅਸਤੀਫ਼ਾ ਸੌਂਪਣ ਤੋਂ ਬਾਅਦ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਮੌਜੂਦਗੀ ਵਿੱਚ ਪਾਰਟੀ ਦੀ ਮੈਂਬਰਸ਼ਿਪ ਗ੍ਰਹਿਣ ਕੀਤੀ।
ਦੱਸਿਆ ਜਾਂਦਾ ਹੈ ਕਿ ਪਟਵਾਰੀ ਲੰਬੇ ਸਮੇਂ ਤੋਂ ਅਕਾਲੀ ਦਲ ਨਾਲ ਜੁੜੇ ਹੋਏ ਸਨ ਅਤੇ ਬੁਢਲਾਡਾ ਹਲਕੇ ਤੋਂ ਟਿਕਟ ਦੇ ਮਜ਼ਬੂਤ ਦਾਅਵੇਦਾਰ ਮੰਨੇ ਜਾਂਦੇ ਸਨ। ਹਾਲਾਂਕਿ, ਡਾ. ਨਿਸ਼ਾਨ ਸਿੰਘ ਨੂੰ ਹਲਕਾ ਇੰਚਾਰਜ ਬਣਾਏ ਜਾਣ ਤੋਂ ਬਾਅਦ ਉਹ ਪਾਰਟੀ ਛੱਡ ਕੇ ਭਾਜਪਾ ਵਿੱਚ ਸ਼ਾਮਲ ਹੋ ਗਏ ਸਨ। ਹੁਣ ਡਾ. ਨਿਸ਼ਾਨ ਸਿੰਘ ਵੱਲੋਂ ਨਿੱਜੀ ਕਾਰਨਾਂ ਦਾ ਹਵਾਲਾ ਦਿੰਦਿਆਂ ਅਕਾਲੀ ਦਲ ਦੇ ਅਹੁਦਿਆਂ ਤੋਂ ਅਸਤੀਫ਼ਾ ਦੇਣ ਮਗਰੋਂ ਪਟਵਾਰੀ ਦੀ ਘਰ ਵਾਪਸੀ ਨੇ ਹਲਕੇ ਵਿੱਚ ਨਵੇਂ ਸਿਆਸੀ ਸਮੀਕਰਨਾਂ ਨੂੰ ਜਨਮ ਦਿੱਤਾ ਹੈ। ਸਿਆਸੀ ਹਲਕਿਆਂ ਵਿੱਚ ਚਰਚਾ ਹੈ ਕਿ ਪਾਰਟੀ ਉਨ੍ਹਾਂ ਨੂੰ ਬੁਢਲਾਡਾ ਹਲਕੇ ਵਿੱਚ ਕੋਈ ਅਹਿਮ ਜ਼ਿੰਮੇਵਾਰੀ ਸੌਂਪ ਸਕਦੀ ਹੈ। ਹਾਲਾਂਕਿ, ਉਨ੍ਹਾਂ ਦੀ ਭਵਿੱਖੀ ਭੂਮਿਕਾ ਬਾਰੇ ਪਾਰਟੀ ਵੱਲੋਂ ਕੋਈ ਅਧਿਕਾਰਤ ਐਲਾਨ ਸਾਹਮਣੇ ਨਹੀਂ ਆਇਆ ਹੈ।
