ਨਿਊਜ਼ ਪੰਜਾਬ
18 ਅਪ੍ਰੈਲ 2025
ਬਠਿੰਡਾ’ ਚ ਪੁਲਿਸ ਪ੍ਰਸ਼ਾਸਨ ਨੇ ਨਸ਼ਾ ਤਸਕਰੀ ‘ਤੇ ਨਕੇਲ ਕੱਸਣ ਲਈ ਇੱਕ ਵੱਡਾ ਕਦਮ ਚੁੱਕਿਆ ਹੈ। ਐਸਐਸਪੀ ਅਮਾਨਿਤ ਕੌਂਡਲ ਨੇ ਸਿਵਲ ਲਾਈਨਜ਼ ਥਾਣੇ ਦੇ ਐਸਐਚਓ ਰਵਿੰਦਰ ਸਿੰਘ ਅਤੇ ਐਡੀਸ਼ਨਲ ਐਸਐਚਓ ਬੇਅੰਤ ਸਿੰਘ ਨੂੰ ਸਿਵਲ ਲਾਈਨਜ਼ ਥਾਣੇ ਦੇ ਖੇਤਰ ਵਿੱਚ ਨਸ਼ਿਆਂ ਦੀ ਦੁਰਵਰਤੋਂ ਨੂੰ ਰੋਕਣ ਵਿੱਚ ਅਸਫਲ ਰਹਿਣ ਕਾਰਨ ਮੁਅੱਤਲ ਕਰ ਦਿੱਤਾ ਹੈ। ਇਹ ਕਾਰਵਾਈ ਵੀਰਵਾਰ ਸ਼ਾਮ ਨੂੰ ਕੀਤੀ ਗਈ, ਜਿਸਦੀ ਪੁਸ਼ਟੀ ਖੁਦ ਐਸਐਸਪੀ ਅਮਾਨਿਤ ਕੌਂਡਲ ਨੇ ਕੀਤੀ।
ਸੂਤਰਾਂ ਅਨੁਸਾਰ, ਧੋਬੀਆਣਾ ਬਸਤੀ, ਜੋ ਕਿ ਸਿਵਲ ਲਾਈਨਜ਼ ਥਾਣੇ ਅਧੀਨ ਆਉਂਦੀ ਹੈ, ਵਿੱਚ ਲੰਬੇ ਸਮੇਂ ਤੋਂ ਚਿੱਟਾ (ਸਿੰਥੈਟਿਕ ਡਰੱਗਜ਼) ਦੀ ਵੱਡੇ ਪੱਧਰ ‘ਤੇ ਤਸਕਰੀ ਅਤੇ ਵਿਕਰੀ ਦੀਆਂ ਸ਼ਿਕਾਇਤਾਂ ਮਿਲ ਰਹੀਆਂ ਸਨ। ਇਸ ਸਬੰਧੀ ਸਥਾਨਕ ਲੋਕਾਂ ਵੱਲੋਂ ਐਸਐਸਪੀ ਅਤੇ ਡੀਆਈਜੀ ਨੂੰ ਕਈ ਵਾਰ ਲਿਖਤੀ ਸ਼ਿਕਾਇਤਾਂ ਦਿੱਤੀਆਂ ਗਈਆਂ।
ਇਹ ਪਹਿਲਾ ਮਾਮਲਾ ਹੈ ਜਦੋਂ ਸਿਵਲ ਲਾਈਨਜ਼ ਥਾਣੇ ਦੇ ਐਸਐਚਓ ਅਤੇ ਐਡੀਸ਼ਨਲ ਐਸਐਚਓ ਨੂੰ ਆਪਣੇ ਇਲਾਕੇ ਵਿੱਚ ਨਸ਼ਿਆਂ ਦੀ ਦੁਰਵਰਤੋਂ ਨੂੰ ਰੋਕਣ ਵਿੱਚ ਅਸਫਲ ਰਹਿਣ ਕਾਰਨ ਮੁਅੱਤਲ ਕੀਤਾ ਗਿਆ ਹੈ। ਇਸ ਤੋਂ ਸਾਫ਼ ਪਤਾ ਲੱਗਦਾ ਹੈ ਕਿ ਬਠਿੰਡਾ ਪੁਲਿਸ ਹੁਣ ਨਸ਼ਿਆਂ ਵਿਰੁੱਧ ਜ਼ੀਰੋ ਟਾਲਰੈਂਸ ਨੀਤੀ ‘ਤੇ ਕੰਮ ਕਰ ਰਹੀ ਹੈ।
ਐਸਐਸਪੀ ਅਮਾਨਿਤ ਕੌਂਡਲ ਨੇ ਸਪੱਸ਼ਟ ਕੀਤਾ ਕਿ ਅਜਿਹੀ ਕਾਰਵਾਈ ਭਵਿੱਖ ਵਿੱਚ ਵੀ ਜਾਰੀ ਰਹੇਗੀ। ਉਨ੍ਹਾਂ ਕਿਹਾ, “ਜੇਕਰ ਕੋਈ ਪੁਲਿਸ ਕਰਮਚਾਰੀ ਜਾਂ ਅਧਿਕਾਰੀ ਨਸ਼ਿਆਂ ਵਿਰੁੱਧ ਕਾਰਵਾਈ ਕਰਨ ਵਿੱਚ ਅਸਫਲ ਪਾਇਆ ਜਾਂਦਾ ਹੈ, ਤਾਂ ਉਸ ਵਿਰੁੱਧ ਵੀ ਸਖ਼ਤ ਕਾਰਵਾਈ ਕੀਤੀ ਜਾਵੇਗੀ।”
