ਨਿਊਜ਼ ਪੰਜਾਬ
3 ਅਕਤੂਬਰ,2026
ਅੰਮ੍ਰਿਤਸਰ ਵਿੱਚ ਸੋਸ਼ਲ ਮੀਡੀਆ ਦੇ ਜਾਣੇ-ਪਛਾਣੇ ਇੰਨਫਲੂਐਂਸਰ Mad Sandhu ਉਰਫ਼ ਮਧੂ ਸੂਦਨ ’ਤੇ ਅਣਪਛਾਤੇ ਹਮਲਾਵਰਾਂ ਵੱਲੋਂ ਗੋਲੀਆਂ ਚਲਾਉਣ ਦੀ ਘਟਨਾ ਸਾਹਮਣੇ ਆਈ ਹੈ। ਇਸ ਹਮਲੇ ਵਿੱਚ ਉਹ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਏ। ਘਟਨਾ ਤੋਂ ਤੁਰੰਤ ਬਾਅਦ ਦੀ ਇੱਕ ਵੀਡੀਓ ਵੀ ਸਾਹਮਣੇ ਆਈ ਹੈ, ਜਿਸ ਵਿੱਚ ਉਹ ਸੜਕ ’ਤੇ ਖੂਨ ਨਾਲ ਲਥਪਥ ਹਾਲਤ ਵਿੱਚ ਪਏ ਦਿਖਾਈ ਦੇ ਰਹੇ ਹਨ। ਵਾਰਦਾਤ ਸਮੇਂ ਮੌਜੂਦ ਉਨ੍ਹਾਂ ਦੇ ਸਾਥੀਆਂ ਨੇ ਬਿਨਾਂ ਦੇਰੀ ਕੀਤੇ ਉਨ੍ਹਾਂ ਨੂੰ ਸੜਕ ਤੋਂ ਚੁੱਕਿਆ ਅਤੇ ਇਲਾਜ ਲਈ ਨੇੜਲੇ ਹਸਪਤਾਲ ਪਹੁੰਚਾਇਆ। ਘਟਨਾ ਦੀ ਜਾਣਕਾਰੀ ਮਿਲਦਿਆਂ ਹੀ ਸਥਾਨਕ ਪੁਲਿਸ ਟੀਮ ਮੌਕੇ ’ਤੇ ਪਹੁੰਚ ਗਈ ਅਤੇ ਇਲਾਕੇ ਨੂੰ ਘੇਰ ਕੇ ਜਾਂਚ ਸ਼ੁਰੂ ਕਰ ਦਿੱਤੀ। ਪੁਲਿਸ ਵੱਲੋਂ ਹਮਲੇ ਨਾਲ ਸਬੰਧਤ ਸਬੂਤ ਇਕੱਠੇ ਕਰਨ ਅਤੇ ਹਮਲਾਵਰਾਂ ਬਾਰੇ ਜਾਣਕਾਰੀ ਜੁਟਾਉਣ ਦੀ ਕਾਰਵਾਈ ਕੀਤੀ ਜਾ ਰਹੀ ਹੈ।
ਇਸ ਮਾਮਲੇ ਨੂੰ ਲਗਭਗ ਤਿੰਨ ਮਹੀਨੇ ਪਹਿਲਾਂ ਹੋਏ ਇੱਕ ਵਿਵਾਦ ਨਾਲ ਜੋੜ ਕੇ ਵੀ ਦੇਖਿਆ ਜਾ ਰਿਹਾ ਹੈ। ਜਾਣਕਾਰੀ ਅਨੁਸਾਰ, Mad Sandhu ਦਾ ਨਿਹੰਗ ਜਥੇਦਾਰ ਮਨਪ੍ਰੀਤ ਸਿੰਘ ਖਾਲਸਾ ਨਾਲ ਵਿਵਾਦ ਹੋਇਆ ਸੀ। ਉਸ ਸਮੇਂ ਨਿਹੰਗ ਪੱਖ ਵੱਲੋਂ ਉਨ੍ਹਾਂ ਦੇ ਪਹਿਰਾਵੇ, ਸੋਸ਼ਲ ਮੀਡੀਆ ’ਤੇ ਕੀਤੀਆਂ ਜਾਂਦੀਆਂ ਗਤੀਵਿਧੀਆਂ ਅਤੇ ਪੁਰਾਣੀਆਂ ਵੀਡੀਓਜ਼ ’ਤੇ ਇਤਰਾਜ਼ ਜਤਾਇਆ ਗਿਆ ਸੀ। ਇਸ ਦੇ ਨਾਲ ਹੀ ਉਨ੍ਹਾਂ ਨੂੰ ਅਜਿਹੀ ਸਮੱਗਰੀ ਤੋਂ ਦੂਰ ਰਹਿਣ ਦੀ ਚੇਤਾਵਨੀ ਵੀ ਦਿੱਤੀ ਗਈ ਸੀ। ਉਸ ਸਮੇਂ Mad Sandhu ਨੇ ਆਪਣਾ ਪੱਖ ਰੱਖਦਿਆਂ ਕਿਹਾ ਸੀ ਕਿ ਉਨ੍ਹਾਂ ਨੇ ਆਪਣੀਆਂ ਪੁਰਾਣੀਆਂ ਗਲਤੀਆਂ ਤੋਂ ਸਿੱਖ ਕੇ ਸੁਧਾਰ ਕੀਤਾ ਹੈ ਅਤੇ ਉਹ ਉਨ੍ਹਾਂ ਨੂੰ ਦੁਹਰਾਉਣਾ ਨਹੀਂ ਚਾਹੁੰਦੇ। ਹਾਲਾਂਕਿ, ਇਸ ਪੁਰਾਣੇ ਵਿਵਾਦ ਕਾਰਨ ਮੌਜੂਦਾ ਹਮਲੇ ਪਿੱਛੇ ਰੰਜਿਸ਼ ਹੋਣ ਦਾ ਸ਼ੱਕ ਜਤਾਇਆ ਜਾ ਰਿਹਾ ਹੈ, ਪਰ ਹਮਲੇ ਦੇ ਅਸਲ ਕਾਰਨਾਂ ਬਾਰੇ ਅਜੇ ਕੋਈ ਅੰਤਿਮ ਪੁਸ਼ਟੀ ਨਹੀਂ ਹੋਈ। ਹੁਣ ਪੁਲਿਸ ਜਾਂਚ ਤੋਂ ਬਾਅਦ ਹੀ ਸਪੱਸ਼ਟ ਹੋਵੇਗਾ ਕਿ ਇਸ ਵਾਰਦਾਤ ਪਿੱਛੇ ਕੌਣ ਲੋਕ ਸ਼ਾਮਲ ਸਨ ਅਤੇ ਹਮਲਾ ਕਰਨ ਦਾ ਅਸਲ ਮਕਸਦ ਕੀ ਸੀ।
