ਅਮਰੀਕਾ ਵਿੱਚ ਹਿੰਦੂ ਮੰਦਰ ’ਤੇ ਹਮਲਾ, ਇੱਟਾਂ ਮਾਰ ਕੇ ਤੋੜੀਆਂ ਖਿੜਕੀਆਂ, ਜਾਂਚ ਵਿੱਚ ਜੁਟੀਆਂ ਏਜੰਸੀਆਂ

ਨਿਊਜ਼ ਪੰਜਾਬ

3 ਅਕਤੂਬਰ,2026

ਅਮਰੀਕਾ ਦੇ ਓਹੀਓ ਸੂਬੇ ਦੇ ਰਿਚਮੰਡ ਹਾਈਟਸ ਵਿੱਚ ਸਥਿਤ ਸ੍ਰੀ ਸਵਾਮੀਨਾਰਾਇਣ ਵਡਤਾਲ ਧਾਮ ਹਿੰਦੂ ਮੰਦਰ ’ਤੇ ਅਣਪਛਾਤੇ ਵਿਅਕਤੀਆਂ ਵੱਲੋਂ ਇੱਟਾਂ ਸੁੱਟ ਕੇ ਹਮਲਾ ਕਰਨ ਦੀ ਘਟਨਾ ਸਾਹਮਣੇ ਆਈ ਹੈ। ਇਸ ਹਮਲੇ ਦੌਰਾਨ ਮੰਦਰ ਦੀਆਂ ਖਿੜਕੀਆਂ ਦੇ ਸ਼ੀਸ਼ੇ ਟੁੱਟ ਗਏ ਅਤੇ ਇਮਾਰਤ ਨੂੰ ਵੀ ਨੁਕਸਾਨ ਪਹੁੰਚਿਆ। ਪ੍ਰਾਪਤ ਜਾਣਕਾਰੀ ਅਨੁਸਾਰ, ਇਹ ਘਟਨਾ ਸ਼ੁੱਕਰਵਾਰ ਦੁਪਹਿਰ ਕਰੀਬ 1:30 ਵਜੇ ਵਾਪਰੀ। ਹਮਲੇ ਸਮੇਂ ਮੰਦਰ ਦੇ ਅੰਦਰ ਪੁਜਾਰੀ ਅਤੇ ਸ਼ਰਧਾਲੂ ਮੌਜੂਦ ਸਨ। ਹਿੰਦੂ ਅਮਰੀਕਨ ਫਾਊਂਡੇਸ਼ਨ ਨੇ ਸੋਸ਼ਲ ਮੀਡੀਆ ਰਾਹੀਂ ਇਸ ਘਟਨਾ ਦੀ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਮੰਦਰ ਵਿੱਚ ਲੱਗੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਜਾਂਚ ਲਈ ਉਪਲਬਧ ਹੈ। ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਐਫਬੀਆਈ ਸਮੇਤ ਸਬੰਧਤ ਏਜੰਸੀਆਂ ਨੂੰ ਵੀ ਸੂਚਿਤ ਕਰ ਦਿੱਤਾ ਗਿਆ ਹੈ। ਹਿੰਦੂ ਅਮਰੀਕਨ ਫਾਊਂਡੇਸ਼ਨ ਅਤੇ ਹਿੰਦੂ ਸੰਗਠਨ ਉੱਤਰੀ ਅਮਰੀਕਾ (CoHNA) ਨੇ ਇਸ ਘਟਨਾ ’ਤੇ ਚਿੰਤਾ ਪ੍ਰਗਟ ਕਰਦਿਆਂ ਇਸ ਨੂੰ ਸੰਭਾਵੀ ਨਫ਼ਰਤੀ ਅਪਰਾਧ ਵਜੋਂ ਜਾਂਚਣ ਦੀ ਮੰਗ ਕੀਤੀ ਹੈ। ਸੰਗਠਨਾਂ ਨੇ ਸਥਾਨਕ ਪ੍ਰਸ਼ਾਸਨ ਅਤੇ ਪੁਲਿਸ ਨੂੰ ਅਪੀਲ ਕੀਤੀ ਹੈ ਕਿ ਦੋਸ਼ੀਆਂ ਦੀ ਜਲਦੀ ਪਛਾਣ ਕਰਕੇ ਉਨ੍ਹਾਂ ਵਿਰੁੱਧ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇ। ਇਸ ਤੋਂ ਇਲਾਵਾ, ਹਿੰਦੂ ਅਤੇ ਭਾਰਤੀ-ਅਮਰੀਕੀ ਭਾਈਚਾਰੇ ਵਿਰੁੱਧ ਨਫ਼ਰਤ ਭਰੀਆਂ ਗਤੀਵਿਧੀਆਂ ਨੂੰ ਰੋਕਣ ਲਈ ਵੀ ਢੁੱਕਵੇਂ ਕਦਮ ਚੁੱਕਣ ਦੀ ਮੰਗ ਕੀਤੀ ਗਈ ਹੈ। ਫਿਲਹਾਲ ਕਿਸੇ ਵੀ ਸ਼ੱਕੀ ਦੀ ਪਛਾਣ ਜਾਂ ਗ੍ਰਿਫ਼ਤਾਰੀ ਦੀ ਅਧਿਕਾਰਤ ਪੁਸ਼ਟੀ ਨਹੀਂ ਹੋਈ ਹੈ। ਇਸ ਘਟਨਾ ਤੋਂ ਬਾਅਦ ਸਥਾਨਕ ਹਿੰਦੂ ਭਾਈਚਾਰੇ ਵਿੱਚ ਚਿੰਤਾ ਦਾ ਮਾਹੌਲ ਹੈ ਅਤੇ ਲੋਕ ਜਾਂਚ ਦੇ ਨਤੀਜਿਆਂ ਦੀ ਉਡੀਕ ਕਰ ਰਹੇ ਹਨ।