ਹਰਿਆਣਾ ਸਰਕਾਰ ਦਾ ਵੱਡਾ ਪ੍ਰਸ਼ਾਸਨਿਕ ਫੇਰਬਦਲ, IAS ਸੁਧੀਰ ਰਾਜਪਾਲ ਨੂੰ ਵਿੱਤ ਤੇ ਯੋਜਨਾ ਵਿਭਾਗ ਦਾ ਵਾਧੂ ਚਾਰਜ

ਨਿਊਜ਼ ਪੰਜਾਬ

3 ਅਕਤੂਬਰ,2026

ਹਰਿਆਣਾ ਸਰਕਾਰ ਨੇ ਵੱਡਾ ਪ੍ਰਸ਼ਾਸਨਿਕ ਫੇਰਬਦਲ ਕਰਦਿਆਂ ਸੀਨੀਅਰ IAS ਅਧਿਕਾਰੀ ਸੁਧੀਰ ਰਾਜਪਾਲ ਨੂੰ ਵਿੱਤ ਅਤੇ ਯੋਜਨਾ ਵਿਭਾਗ ਦਾ ਵਾਧੂ ਚਾਰਜ ਸੌਂਪਿਆ ਹੈ। 1990 ਬੈਚ ਦੇ ਅਧਿਕਾਰੀ ਸੁਧੀਰ ਰਾਜਪਾਲ ਇਸ ਤੋਂ ਪਹਿਲਾਂ ਗ੍ਰਹਿ, ਜੇਲ੍ਹ, CID, ਨਿਆਂ ਪ੍ਰਸ਼ਾਸਨ ਅਤੇ ਵਾਤਾਵਰਣ, ਜੰਗਲਾਤ ਤੇ ਜੰਗਲੀ ਜੀਵ ਵਿਭਾਗਾਂ ਦੀ ਜ਼ਿੰਮੇਵਾਰੀ ਸੰਭਾਲ ਰਹੇ ਹਨ। ਮੁੱਖ ਸਕੱਤਰ ਅਨੁਰਾਗ ਰਸਤੋਗੀ ਵੱਲੋਂ ਜਾਰੀ ਹੁਕਮਾਂ ਅਨੁਸਾਰ, ਉਨ੍ਹਾਂ ਨੂੰ ਇਹ ਜ਼ਿੰਮੇਵਾਰੀ ਤੁਰੰਤ ਪ੍ਰਭਾਵ ਨਾਲ ਸੌਂਪੀ ਗਈ ਹੈ। ਜ਼ਿਕਰਯੋਗ ਹੈ ਕਿ ਵਿੱਤ ਅਤੇ ਯੋਜਨਾ ਵਿਭਾਗ ਦਾ ਅਹੁਦਾ IAS ਅਧਿਕਾਰੀ ਅਰੁਣ ਗੁਪਤਾ ਦੀ 30 ਸਤੰਬਰ ਨੂੰ ਸੇਵਾਮੁਕਤੀ ਤੋਂ ਬਾਅਦ ਖਾਲੀ ਹੋ ਗਿਆ ਸੀ। ਹੁਣ ਸੁਧੀਰ ਰਾਜਪਾਲ ਆਪਣੇ ਮੌਜੂਦਾ ਵਿਭਾਗਾਂ ਦੇ ਨਾਲ-ਨਾਲ ਵਿੱਤ ਅਤੇ ਯੋਜਨਾ ਵਿਭਾਗ ਦਾ ਕੰਮਕਾਜ ਵੀ ਸੰਭਾਲਣਗੇ।