ਨਿਊਜ਼ ਪੰਜਾਬ
28 ਸਤੰਬਰ,2026
ਅੰਬਾਲਾ ਸ਼ਹਿਰ ਦੇ ਧੂਲਕੋਟ ਇਲਾਕੇ ਵਿੱਚ ਐਤਵਾਰ ਦੁਪਹਿਰ ਇੱਕ ਨਿਰਮਾਣ ਅਧੀਨ ਇਮਾਰਤ ਅਚਾਨਕ ਢਹਿ ਜਾਣ ਕਾਰਨ ਵੱਡਾ ਹਾਦਸਾ ਵਾਪਰਿਆ। ਹਾਦਸੇ ਸਮੇਂ ਇਮਾਰਤ ਦੀ ਤੀਜੀ ਮੰਜ਼ਿਲ ਦਾ ਲੈਂਟਰ ਪਾਉਣ ਦਾ ਕੰਮ ਚੱਲ ਰਿਹਾ ਸੀ ਅਤੇ ਅੰਦਰ ਕਈ ਮਜ਼ਦੂਰ ਕੰਮ ਕਰ ਰਹੇ ਸਨ। ਇਮਾਰਤ ਦੇ ਡਿੱਗਣ ਨਾਲ ਮਲਬੇ ਹੇਠ ਕਈ ਮਜ਼ਦੂਰ ਦੱਬ ਗਏ, ਜਿਨ੍ਹਾਂ ਵਿੱਚੋਂ ਹੁਣ ਤੱਕ 6 ਮਜ਼ਦੂਰਾਂ ਦੀ ਮੌਤ ਹੋ ਚੁੱਕੀ ਹੈ, ਜਦਕਿ ਕਈ ਹੋਰ ਗੰਭੀਰ ਜ਼ਖਮੀ ਹੋਏ ਹਨ। ਮ੍ਰਿਤਕਾਂ ਅਤੇ ਜ਼ਖਮੀਆਂ ਵਿੱਚ ਅੰਬਾਲਾ ਤੋਂ ਇਲਾਵਾ ਪੰਜਾਬ, ਉੱਤਰ ਪ੍ਰਦੇਸ਼ ਅਤੇ ਬਿਹਾਰ ਦੇ ਮਜ਼ਦੂਰ ਵੀ ਸ਼ਾਮਲ ਦੱਸੇ ਜਾ ਰਹੇ ਹਨ। ਹਾਦਸੇ ਦੀ ਸੂਚਨਾ ਮਿਲਦੇ ਹੀ NDRF ਅਤੇ SDRF ਦੀਆਂ ਟੀਮਾਂ, ਪੁਲਿਸ ਅਤੇ ਪ੍ਰਸ਼ਾਸਨ ਮੌਕੇ ‘ਤੇ ਪਹੁੰਚੇ ਅਤੇ ਰਾਹਤ ਤੇ ਬਚਾਅ ਕਾਰਜ ਸ਼ੁਰੂ ਕੀਤਾ। ਭਾਰੀ ਮਲਬੇ ਕਾਰਨ ਬਚਾਅ ਕਾਰਜ ਵਿੱਚ ਕਾਫ਼ੀ ਮੁਸ਼ਕਲਾਂ ਆਈਆਂ ਅਤੇ NDRF ਦੀ ਟੀਮ ਨੇ ਰਾਤ ਲਗਭਗ 2:30 ਵਜੇ ਤੱਕ ਸਰਚ ਆਪਰੇਸ਼ਨ ਚਲਾਇਆ। ਬਚਾਅ ਟੀਮਾਂ ਨੇ ਮਲਬੇ ਹੇਠ ਫਸੇ ਲੋਕਾਂ ਨੂੰ ਬਾਹਰ ਕੱਢ ਕੇ ਹਸਪਤਾਲ ਪਹੁੰਚਾਇਆ। ਉੱਥੇ ਹੀ ਪੀੜਤ ਪਰਿਵਾਰਾਂ ਨੇ ਪ੍ਰਸ਼ਾਸਨ ਤੋਂ ਹਾਦਸੇ ਦੀ ਨਿਰਪੱਖ ਜਾਂਚ ਅਤੇ ਜ਼ਿੰਮੇਵਾਰ ਲੋਕਾਂ ਖ਼ਿਲਾਫ਼ ਸਖ਼ਤ ਕਾਰਵਾਈ ਦੀ ਮੰਗ ਕੀਤੀ ਹੈ।
