ਨਿਊਜ਼ ਪੰਜਾਬ
19 ਸਤੰਬਰ,2026
ਪੰਜਾਬ ਪੁਲਿਸ ਦੇ ਮੁਅੱਤਲ ਡੀਆਈਜੀ ਹਰਚਰਨ ਸਿੰਘ ਭੁੱਲਰ ਨਾਲ ਸਬੰਧਤ ਕਥਿਤ ਰਿਸ਼ਵਤਖੋਰੀ ਮਾਮਲੇ ਵਿੱਚ ਵਿਚੋਲੇ ਕ੍ਰਿਸ਼ਨੂ ਸ਼ਾਰਦਾ ਨੂੰ ਵਿਸ਼ੇਸ਼ ਪੀਐਮਐਲਏ ਅਦਾਲਤ ਨੇ ਸੱਤ ਦਿਨਾਂ ਦੇ ਈਡੀ ਰਿਮਾਂਡ ’ਤੇ ਭੇਜ ਦਿੱਤਾ ਹੈ। ਈਡੀ ਨੇ ਅਦਾਲਤ ਤੋਂ 14 ਦਿਨਾਂ ਦੀ ਹਿਰਾਸਤ ਮੰਗੀ ਸੀ, ਪਰ ਅਦਾਲਤ ਨੇ ਸੱਤ ਦਿਨਾਂ ਦੀ ਰਿਮਾਂਡ ਮਨਜ਼ੂਰ ਕੀਤੀ। ਸ਼ਾਰਦਾ ਨੂੰ 25 ਸਤੰਬਰ ਨੂੰ ਮੁੜ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ।
ਈਡੀ ਨੇ ਸ਼ਾਰਦਾ ਨੂੰ ਪੀਐਮਐਲਏ ਦੀ ਧਾਰਾ 4 ਤਹਿਤ ਸ਼ੁੱਕਰਵਾਰ ਸਵੇਰੇ 11 ਵਜੇ ਗ੍ਰਿਫ਼ਤਾਰ ਕੀਤਾ ਸੀ ਅਤੇ ਦੁਪਹਿਰ 12 ਵਜੇ ਅਦਾਲਤ ਵਿੱਚ ਪੇਸ਼ ਕੀਤਾ ਗਿਆ। ਉਹ ਪਹਿਲਾਂ ਹੀ ਸੀਬੀਆਈ ਦੀ ਭ੍ਰਿਸ਼ਟਾਚਾਰ ਵਿਰੋਧੀ ਸ਼ਾਖਾ ਵੱਲੋਂ ਦਰਜ ਰਿਸ਼ਵਤਖੋਰੀ ਦੇ ਮਾਮਲੇ ਵਿੱਚ ਨਿਆਂਇਕ ਹਿਰਾਸਤ ਵਿੱਚ ਸੀ। ਈਡੀ ਮੁਤਾਬਕ ਸ਼ਾਰਦਾ ਨੇ ਕਥਿਤ ਤੌਰ ’ਤੇ ਭੁੱਲਰ ਵੱਲੋਂ ਮੰਗੀ ਗਈ 5 ਲੱਖ ਰੁਪਏ ਦੀ ਰਕਮ ਸਵੀਕਾਰ ਕੀਤੀ ਸੀ।
ਜਾਂਚ ਏਜੰਸੀ ਨੇ ਦਾਅਵਾ ਕੀਤਾ ਕਿ ਸ਼ਾਰਦਾ ਦੇ ਮੋਬਾਈਲ ਫੋਨ ਦੀ ਫੋਰੈਂਸਿਕ ਜਾਂਚ ਦੌਰਾਨ ਸਬੰਧਤ ਸਮੇਂ ਵਿੱਚ ਉਸ ਅਤੇ ਭੁੱਲਰ ਵਿਚਕਾਰ ਵਾਰ-ਵਾਰ ਵਟਸਐਪ ਗੱਲਬਾਤ ਸਾਹਮਣੇ ਆਈ। ਤਲਾਸ਼ੀ ਦੌਰਾਨ ਸ਼ਾਰਦਾ ਦੇ ਘਰੋਂ 8.35 ਲੱਖ ਰੁਪਏ ਨਕਦ ਬਰਾਮਦ ਹੋਣ ਦੀ ਵੀ ਗੱਲ ਈਡੀ ਵੱਲੋਂ ਅਦਾਲਤ ਵਿੱਚ ਦੱਸੀ ਗਈ।
ਇਸ ਤੋਂ ਇਲਾਵਾ ਈਡੀ ਨੇ ਬੈਂਕ ਅਤੇ ਡਾਕਘਰ ਦੇ ਖਾਤਿਆਂ ਅਤੇ ਨਿਵੇਸ਼ਾਂ ਵਿੱਚ ਕੁੱਲ 1,41,56,937 ਰੁਪਏ ਹੋਣ ਦੀ ਜਾਣਕਾਰੀ ਦਿੱਤੀ। ਏਜੰਸੀ ਨੇ ਕਿਹਾ ਕਿ ਇਨ੍ਹਾਂ ਫੰਡਾਂ ਅਤੇ ਨਿਵੇਸ਼ਾਂ ਦੇ ਸਰੋਤਾਂ ਦੇ ਨਾਲ-ਨਾਲ ਕਥਿਤ ਲੈਣ-ਦੇਣ ਵਿੱਚ ਸ਼ਾਮਲ ਹੋਰ ਵਿਅਕਤੀਆਂ ਦੀ ਭੂਮਿਕਾ ਦੀ ਜਾਂਚ ਲਈ ਹੋਰ ਪੁੱਛਗਿੱਛ ਜ਼ਰੂਰੀ ਹੈ।
