ਨਿਊਜ਼ ਪੰਜਾਬ
19 ਸਤੰਬਰ,2026
ਜਲੰਧਰ ਦੇ ਪੁਲਿਸ ਕਮਿਸ਼ਨਰ ਸਤਿੰਦਰ ਸਿੰਘ ਵੱਲੋਂ ਦੇਰ ਰਾਤ ਸ਼ਹਿਰ ਦੇ ਕਈ ਥਾਣਿਆਂ ਦੀ ਅਚਨਚੇਤ ਜਾਂਚ ਕੀਤੇ ਜਾਣ ਤੋਂ ਬਾਅਦ ਪੁਲਿਸ ਕਮਿਸ਼ਨਰੇਟ ਵਿੱਚ ਵੱਡਾ ਪ੍ਰਸ਼ਾਸਨਿਕ ਫੇਰਬਦਲ ਕੀਤਾ ਗਿਆ ਹੈ। ਨਿਰੀਖਣ ਦੌਰਾਨ ਪੁਲਿਸ ਥਾਣਿਆਂ ਵਿੱਚ ਮੁਲਾਜ਼ਮਾਂ ਦੀ ਹਾਜ਼ਰੀ, ਰਾਤ ਦੀ ਗਸ਼ਤ, ਲੰਬਿਤ ਮਾਮਲਿਆਂ ਅਤੇ ਸੁਰੱਖਿਆ ਪ੍ਰਬੰਧਾਂ ਦਾ ਜਾਇਜ਼ਾ ਲਿਆ ਗਿਆ। ਇਸ ਤੋਂ ਬਾਅਦ ਥਾਣਾ 1, ਥਾਣਾ 3, ਥਾਣਾ 8, ਰਾਮਾ ਮੰਡੀ ਅਤੇ ਬਾਰਾਦਰੀ ਸਮੇਤ ਕਈ ਥਾਣਿਆਂ ਦੇ ਇੰਚਾਰਜਾਂ ਨੂੰ ਬਦਲ ਕੇ ਨਵੀਆਂ ਜ਼ਿੰਮੇਵਾਰੀਆਂ ਸੌਂਪੀਆਂ ਗਈਆਂ ਹਨ। ਤਬਾਦਲਾ ਸੂਚੀ ਮੁਤਾਬਕ ਰਾਕੇਸ਼ ਕੁਮਾਰ ਨੂੰ ਥਾਣਾ 8 ਦਾ ਇੰਚਾਰਜ ਬਣਾਇਆ ਗਿਆ ਹੈ, ਜਦਕਿ ਜਗਦੀਸ਼ ਨੂੰ ਥਾਣਾ 3 ਦੀ ਕਮਾਨ ਦਿੱਤੀ ਗਈ ਹੈ। ਬਾਰਾਦਰੀ ਥਾਣੇ ਦੇ ਇੰਚਾਰਜ ਰਵਿੰਦਰ ਕੁਮਾਰ ਨੂੰ ਡੀਸੀਪੀ ਸਪੈਸ਼ਲ ਬ੍ਰਾਂਚ ਨਾਲ ਜੋੜਿਆ ਗਿਆ ਹੈ ਅਤੇ ਸਾਹਿਲ ਚੌਧਰੀ ਨੂੰ ਨਵਾਂ SHO ਨਿਯੁਕਤ ਕੀਤਾ ਗਿਆ ਹੈ। ਇਸੇ ਤਰ੍ਹਾਂ ਸੀਆਈ ਇੰਚਾਰਜ ਸੁਰੇਂਦਰ ਨੂੰ ਰਾਮਾ ਮੰਡੀ ਥਾਣੇ ਦੀ ਜ਼ਿੰਮੇਵਾਰੀ ਦਿੱਤੀ ਗਈ ਹੈ, ਜਦਕਿ ਜਸਪਾਲ ਸਿੰਘ ਨੂੰ ਥਾਣਾ 1 ਦਾ ਇੰਚਾਰਜ ਬਣਾਇਆ ਗਿਆ ਹੈ। ਨਵੇਂ ਨਿਯੁਕਤ ਅਧਿਕਾਰੀਆਂ ਨੂੰ ਤੁਰੰਤ ਆਪਣੀ ਡਿਊਟੀ ਸੰਭਾਲਣ, ਇਲਾਕਿਆਂ ਵਿੱਚ ਗਸ਼ਤ ਵਧਾਉਣ ਅਤੇ ਸਮਾਜ ਵਿਰੋਧੀ ਅਨਸਰਾਂ ਖ਼ਿਲਾਫ਼ ਕਾਰਵਾਈ ਕਰਨ ਦੀਆਂ ਹਦਾਇਤਾਂ ਦਿੱਤੀਆਂ ਗਈਆਂ ਹਨ।
