ਸੂਬੇ ’ਚ ਨਵੇਂ ਉਦਯੋਗਾਂ ਵਾਸਤੇ 4000 ਏਕੜ ਥਾਂ ਉਪਲਬਧ – ਨਵਾਂਸ਼ਹਿਰ ਦੇ ਸਨਅਤੀ ਫ਼ੋਕ ਪੁਆਇੰਟ ਦੀ ਅਪਗ੍ਰੇਡੇਸ਼ਨ ਲਈ 9.28 ਕਰੋੜ ਦੇ ਪ੍ਰਾਜੈਕਟਾਂ ਦੀ ਸ਼ੁਰੂਆਤ

ਪੰਜਾਬ ਕੋਵਿਡ ਨਾਲ ਲੜਾਈ ਲੜਨ ਦੇ ਨਾਲ-ਨਾਲ ਰਾਜ ਦੇ ਸਨਅਤੀ ਵਿਕਾਸ ਲਈ ਵੀ ਯਤਨਸ਼ੀਲ-ਉਦਯੋਗ ਮੰਤਰੀ ਸੁੰਦਰ ਸ਼ਾਮ ਅਰੋੜਾ

 ਜਪਾਨ ਸਮੇਤ ਕਈ ਵਿਦੇਸ਼ੀ ਕੰਪਨੀਆਂ ਨਿਵੇਸ਼ ਲਈ ਇਛੁਕ

ਨਵਾਂਸ਼ਹਿਰ, 25 ਜੂਨ ( ਨਿਊਜ਼ ਪੰਜਾਬ )

ਪੰਜਾਬ ਸਰਕਾਰ ਕੋਵਿਡ ਨਾਲ ਲੜਾਈ ਲੜਨ ਦੇ ਨਾਲ-ਨਾਲ ਰਾਜ ਦੇ ਸਨਅਤੀ ਵਿਕਾਸ ਲਈ ਵੀ ਯਤਨਸ਼ੀਲ ਹੈ, ਜਿਸ ਵਾਸਤੇ ਸੂਬੇ ’ਚ ਨਵੇਂ ਉਦਯੋਗਾਂ ਦੀ ਸਥਾਪਤੀ ਲਈ 4000 ਏਕੜ ਥਾਂ ਉਪਲਬਧ ਕਰਵਾਈ ਗਈ ਹੈ।

        ਇਹ ਪ੍ਰਗਟਾਵਾ ਸੂਬੇ ਦੇ ਉਦਯੋਗ ਅਤੇ ਵਣਜ ਮੰਤਰੀ ਸੁੰਦਰ ਸ਼ਾਮ ਅਰੋੜਾ ਨੇ ਅੱਜ ਨਵਾਂਸ਼ਹਿਰ ਦੇ ਸਨਅਤੀ ਫ਼ੋਕਲ ਪੁਆਇੰਟ ਦੀ ਅਪਗ੍ਰੇਡੇਸ਼ਨ ਵਾਸਤੇ 9.28 ਕਰੋੜ ਰੁਪਏ ਦੇ ਪ੍ਰਾਜੈਕਟਾਂ ਦੀ ਸ਼ੁਰੂਆਤ ਕਰਨ ਮੌਕੇ ਕੀਤਾ। ਉਨ੍ਹਾਂ ਸਵ. ਖੇਤੀਬਾੜੀ ਮੰਤਰੀ ਸ. ਦਿਲਬਾਗ ਸਿੰਘ ਨੂੰ ਯਾਦ ਕਰਦਿਆਂ ਕਿਹਾ ਕਿ ਉਹ ਨਵਾਂਸ਼ਹਿਰ ਦੇ ਵਿਕਾਸ ਦੇ ਧੁਰੇ ਸਨ ਅਤੇ ਇਹ ਫ਼ੋਕਲ ਪੁਆਇੰਟ ਵੀ ਉਨ੍ਹਾਂ ਦੀ ਹੀ ਦੇਣ ਹੈ। ਉਨ੍ਹਾਂ ਦੱਸਿਆ ਕਿ ਨਵੇਂ ਪ੍ਰਾਜੈਕਟਾਂ ’ਚ ਬਾਊਂਡਰੀ ਵਾਲ, ਸੜ੍ਹਕੀ ਢਾਂਚੇ ਦਾ ਸੁਧਾਰ, ਸੜ੍ਹਕਾਂ ਕਿਨਾਰੇ ਹਰਿਆਵਲ, ਜਲ ਸਪਲਾਈ ਦੀ ਅਪਗ੍ਰੇਡੇਸ਼ਨ, ਡਰੇਨੇਜ ਪ੍ਰਣਾਲੀ ’ਚ ਸੁਧਾਰ, ਸਟ੍ਰੀਟ ਲਾਈਟਾਂ ਦੀ ਅਪਗ੍ਰੇਡੇਸ਼ਨ, ਕਾਨਫਰੰਸ ਹਾਲ, ਸੀਵੇਜ ਟ੍ਰੀਟਮੈਂਟ ਪਲਾਂਟ ਆਦਿ ਸ਼ਾਮਿਲ ਹਨ। ਸ੍ਰੀ ਅਰੋੜਾ ਨੇ ਉਨ੍ਹਾਂ ਸਨਅਤਕਾਰਾਂ ਜਿਨ੍ਹਾਂ ਨੇ ਹਾਲਾਂ ਪਲਾਟਾਂ ਦੀ ਵਰਤੋਂ ਨਹੀਂ ਕੀਤੀ, ਨੂੰ ਵੀ ਆਪਣੀਆਂ ਉਦਯੋਗਿਕ ਇਕਾਈਆਂ ਲਾਉਣ ਲਈ ਅੱਗੇ ਆਉਣ ਲਈ ਕਿਹਾ।

        ਉਨ੍ਹਾਂ ਦੱਸਿਆ ਪੰਜਾਬ ’ਚ 2.55 ਲੱਖ ਸਨਅਤੀ ਇਕਾਈਆਂ ’ਚੋਂ 2.35 ਲੱਖ ਸਨਅਤੀ ਇਕਾਈਆਂ ਦੇ ਮੁੜ ਚਾਲੂ ਹੋਣ ਨਾਲ ਸਨਅਤੀ ਵਿਕਾਸ ਨੂੰ ਵੱਡਾ ਹੁਲਾਰਾ ਮਿਲਿਆ ਹੈ ਅਤੇ ਚੀਨ ਤੋਂ ਦੁਖੀ ਹੋਏ ਸਨਅਤਕਾਰ ਪੰਜਾਬ ਜਿਹੇ ਸੂਬਿਆਂ ’ਚ ਆਪਣੀ ਸਨਅਤ ਲਾਉਣ ਦੀ ਰੁਚੀ ਦਿਖਾ ਰਹੇ ਹਨ। ਉਨ੍ਹਾਂ ਜਪਾਨ ਅਤੇ ਹੋਰ ਦੇਸ਼ਾਂ ਨਾਲ ਚੱਲ ਰਹੀ ਗੱਲਬਾਤ ਦੀ ਉਦਾਹਰਣ ਦਿੰਦਿਆਂ ਕਿਹਾ ਕਿ ਕੌਮਾਂਤਰੀ ਹਵਾਈ ਉਡਾਣਾਂ ਖੁੱਲ੍ਹਣ ਬਾਅਦ ਵੱਡੇ ਨਿਵੇਸ਼ ਦੀ ਆਸ ਹੈ। ਉਨ੍ਹਾਂ ਦੱਸਿਆ ਕਿ ਪੰਜਾਬ ’ਚ ਚਾਰ ਵੱਡੇ ਸਨਅਤੀ ਪਾਰਕ ਉਦਯੋਗਾਂ ਲਈ ਤਿਆਰ ਹਨ, ਇਨ੍ਹਾਂ ’ਚ ਲੁਧਿਆਣਾ ਦੀ ਸਾਈਕਲ ਵੈਲੀ 1100 ਏਕੜ, ਰਾਜਪੁਰਾ ’ਚ 1100 ਏਕੜ, ਮੰਡੀ ਗੋਬਿੰਦਗੜ੍ਹ ’ਚ ਫ਼ਾਰਮਾ ਕੰਪਨੀਆਂ ਲਈ 135 ਏਕੜ ਅਤੇ ਬਠਿੰਡਾ ਵਿਖੇ ਥਰਮਲ ਪਲਾਂਟ ਵਾਲੀ ਥਾਂ ਸ਼ਾਮਿਲ ਹਨ।

        ਉਨ੍ਹਾਂ ਦੱਸਿਆ ਕਿ ਸਰਕਾਰ ਵੱਲੋਂ ਸਾਈਕਲ ਵੈਲੀ ਅਤੇ ਫ਼ੋਕਲ ਪੁਆਇੰਟਾਂ ਦੇ ਸੁਧਾਰ ਲਈ 400 ਕਰੋੜ ਰੁਪਏ ਜਾਰੀ ਕੀਤੇ ਗਏ ਹਨ। ਨਵਾਂਸ਼ਹਿਰ ’ਚ ਐਮ ਐਲ ਏ ਅੰਗਦ ਸਿੰਘ ਦੇ ਯਤਨਾਂ ਨਾਲ 300 ਏਕੜ ਥਾਂ ਸਨਅਤ ਵਾਸਤੇ ਉਪਲਬਧ ਹੋਣ ਦਾ ਜ਼ਿਕਰ ਕਰਦਿਆਂ ਉਨ੍ਹਾਂ ਕਿਹਾ ਕਿ ਇਸ ਬਾਰੇ ਵੀ ਲਾਕਡਾਊਨ ਖੁੱਲ੍ਹਣ ਤੋਂ ਬਾਅਦ ਸਨਅਤੀ ਘਰਾਣਿਆਂ ਨੂੰ ਪ੍ਰੇਰਿਆ ਜਾਵੇਗਾ। ਉਨ੍ਹਾਂ ਦੱਸਿਆ ਕਿ ਸਰਕਾਰ ਵੱਲੋਂ ਸਨਅਤੀਕਰਣ ਦੀ ਰੀੜ ਦੀ ਹੱਡੀ ਲਘੂ ਉਦਯੋਗਾਂ ਨੂੰ ਵੀ ਮਜ਼ਬੂਤ ਕੀਤਾ ਜਾ ਰਿਹਾ ਹੈ ਅਤੇ ‘ਬਿਜ਼ਨੈਸ ਸਮਿੱਟ’ ’ਚ ਉਨ੍ਹਾਂ ਨੂੰ ਇੱਕ-ਇੱਕ ਲੱਖ ਦੇ ਹੌਂਸਲਾ ਅਫ਼ਜ਼ਾਈ ਇਨਾਮ ਵੀ ਦਿੱਤੇ ਗਏ ਸਨ।

        ਐਮ ਐਲ ਏ ਅੰਗਦ ਸਿੰਘ ਨੇ ਉਦਯੋਗ ਮੰਤਰੀ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਨ੍ਹਾਂ ਨੂੰ ਅੱਜ ਇਸ ਗੱਲ ਦੀ ਖੁਸ਼ੀ ਹੈ ਕਿ ਉਨ੍ਹਾਂ ਦੇ ਦਾਦਾ ਸਵ. ਸ. ਦਿਲਬਾਗ ਸਿੰਘ ਵੱਲੋਂ ਲਾਏ ਸਨਅਤੀ ਫੋਕਲ ਪੁਆਇੰਟ ਦੇ ਬੂਟੇ ਨੂੰ ਅੱਜ ਵੱਡੀਆਂ ਸਹੂਲਤਾਂ ਤੇ ਪ੍ਰਾਜੈਕਟਾਂ ਨਾਲ ਨਿਵਾਜਿਆ ਗਿਆ ਹੈ। ਉਨ੍ਹਾਂ ਲੁਧਿਆਣਾ ਜ਼ਿਲ੍ਹੇ ’ਚ ਬਣਨ ਵਾਲੀ ਸਾਈਕਲ ਵੈਲੀ ਅਤੇ ਅਪੈਰਲ ਪਾਰਕ ਦਾ ਨਵਾਂਸ਼ਹਿਰ ਨੂੰ ਕਾਰੋਬਾਰ ਤੇ ਰੋਜ਼ਗਾਰ ਲਈ ਵੱਡਾ ਲਾਭ ਮਿਲਣ ਦੀ ਆਸ ਪ੍ਰਗਟਾਈ।

        ਇਸ ਮੌਕੇ ਐਮ ਐਲ ਏ ਬਲਾਚੌਰ ਚੌ. ਦਰਸ਼ਨ ਲਾਲ ਮੰਗੂਪੁਰ, ਪੰਜਾਬ ਲਘੂ ਉਦਯੋਗ ਸਨਅਤੀ ਬਰਾਮਦ ਨਿਗਮ ਦੇ ਐਮ ਡੀ ਸੁਮਿਤ ਜਾਰੰਗਲ, ਡੀ ਸੀ ਡਾ. ਸ਼ੇਨਾ ਅਗਰਵਾਲ, ਐਸ ਡੀ ਐਮ ਨਵਾਂਸ਼ਹਿਰ ਜਗਦੀਸ਼ ਸਿੰਘ ਜੌਹਲ, ਆਲ ਇੰਡੀਆ ਯੂਥ ਕਾਂਗਰਸ ਦੇ ਜਨਰਲ ਸਕੱਤਰ ਅਮਰਪ੍ਰੀਤ ਸਿੰਘ ਲਾਲੀ, ਜੀ ਐਮ ਜ਼ਿਲ੍ਹਾ ਉਦਯੋਗ ਕੇਂਦਰ ਅਮਰਜੀਤ ਸਿੰਘ ਭਾਟੀਆ, ਚੇਅਰਮੈਨ ਮਾਰਕੀਟ ਕਮੇਟੀ ਚਮਨ ਸਿੰਘ ਭਾਨ ਮਜਾਰਾ, ਜੋਗਿੰਦਰ ਸਿੰਘ ਬਘੌਰਾਂ ਤੇ ਸਚਿਨ ਦੀਵਾਨ ਤੋਂ ਇਲਾਵਾ ਸਨਅਤੀ ਫ਼ੋਕਲ ਪੁਆਇੰਟ ਐਸੋਸੀਏਸ਼ਨ ਦੇ ਮੈਂਬਰ ਮੌਜੂਦ ਸਨ।