ਬਠਿੰਡਾ ’ਚ ਨੌਜਵਾਨਾਂ ਦੇ ਦੋ ਧੜਿਆਂ ’ਚ ਟਕਰਾਅ, ਘਰ ’ਚ ਦਾਖ਼ਲ ਹੋ ਕੇ ਚਲਾਈਆਂ ਗੋਲੀਆਂ

ਨਿਊਜ਼ ਪੰਜਾਬ

8 ਸਤੰਬਰ 2026

ਬਠਿੰਡਾ ਦੇ ਪਿੰਡ ਢਿਪਾਲੀ ਵਿੱਚ ਨੌਜਵਾਨਾਂ ਦੇ ਦੋ ਧੜਿਆਂ ਵਿਚਾਲੇ ਚੱਲ ਰਿਹਾ ਵਿਵਾਦ ਉਸ ਸਮੇਂ ਖੂਨੀ ਝੜਪ ਵਿੱਚ ਬਦਲ ਗਿਆ, ਜਦੋਂ ਹਥਿਆਰਬੰਦ ਨੌਜਵਾਨਾਂ ਨੇ ਕਥਿਤ ਤੌਰ ’ਤੇ ਇੱਕ ਘਰ ਵਿੱਚ ਦਾਖ਼ਲ ਹੋ ਕੇ ਫਾਇਰਿੰਗ ਕਰ ਦਿੱਤੀ। ਇਸ ਦੌਰਾਨ ਅਕਾਸ਼ਦੀਪ ਸਿੰਘ ਨਾਮਕ ਨੌਜਵਾਨ ਦੇ ਮੋਢੇ ’ਤੇ ਗੋਲੀ ਲੱਗ ਗਈ, ਜਿਸ ਕਾਰਨ ਉਹ ਗੰਭੀਰ ਜ਼ਖ਼ਮੀ ਹੋ ਗਿਆ। ਜਾਣਕਾਰੀ ਮੁਤਾਬਕ ਦੋਵਾਂ ਧੜਿਆਂ ਦੇ ਨੌਜਵਾਨਾਂ ਵਿਚਾਲੇ ਪਹਿਲਾਂ ਲੜਾਈ ਲਈ ਸਮਾਂ ਤੈਅ ਹੋਇਆ ਸੀ, ਪਰ ਇੱਕ ਧੜਾ ਨਿਰਧਾਰਤ ਸਮੇਂ ’ਤੇ ਮੌਕੇ ’ਤੇ ਨਹੀਂ ਪਹੁੰਚਿਆ। ਇਸ ਤੋਂ ਬਾਅਦ ਦੂਜੇ ਧੜੇ ਦੇ ਨੌਜਵਾਨ ਕਥਿਤ ਤੌਰ ’ਤੇ ਹਥਿਆਰਾਂ ਸਮੇਤ ਅਕਾਸ਼ਦੀਪ ਸਿੰਘ ਦੇ ਘਰ ਪਹੁੰਚੇ ਅਤੇ ਜ਼ਬਰਦਸਤੀ ਅੰਦਰ ਦਾਖ਼ਲ ਹੋ ਕੇ ਉਸ ’ਤੇ ਗੋਲੀ ਚਲਾ ਦਿੱਤੀ। ਪੀੜਤ ਦੇ ਬਿਆਨਾਂ ਅਨੁਸਾਰ ਗੋਲੀ ਉਸ ਦੇ ਮੋਢੇ ਵਿੱਚ ਲੱਗੀ ਅਤੇ ਹਮਲਾਵਰਾਂ ਨੇ ਉਸ ਦੀ ਕੁੱਟਮਾਰ ਵੀ ਕੀਤੀ। ਘਟਨਾ ਤੋਂ ਬਾਅਦ ਮੁਲਜ਼ਮ ਧਮਕੀਆਂ ਦਿੰਦੇ ਹੋਏ ਮੌਕੇ ਤੋਂ ਫ਼ਰਾਰ ਹੋ ਗਏ। ਪਰਿਵਾਰਕ ਮੈਂਬਰਾਂ ਨੇ ਤੁਰੰਤ ਜ਼ਖ਼ਮੀ ਨੌਜਵਾਨ ਨੂੰ ਹਸਪਤਾਲ ਪਹੁੰਚਾਇਆ, ਜਿੱਥੇ ਉਸ ਦਾ ਇਲਾਜ ਜਾਰੀ ਹੈ। ਘਟਨਾ ਦੀ ਸੂਚਨਾ ਮਿਲਦੇ ਹੀ ਥਾਣਾ ਫੂਲ ਦੀ ਪੁਲਿਸ ਮੌਕੇ ’ਤੇ ਪਹੁੰਚੀ ਅਤੇ ਜਾਂਚ ਸ਼ੁਰੂ ਕਰ ਦਿੱਤੀ। ਪੁਲਿਸ ਨੇ ਪੀੜਤ ਦੇ ਬਿਆਨਾਂ ਦੇ ਆਧਾਰ ’ਤੇ ਲਖਵਿੰਦਰ ਸਿੰਘ, ਹਰਜਿੰਦਰ ਸਿੰਘ ਅਤੇ ਕੁਲਵਿੰਦਰ ਸਿੰਘ ਖ਼ਿਲਾਫ਼ ਵੱਖ-ਵੱਖ ਸੰਗੀਨ ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ ਹੈ। ਥਾਣਾ ਫੂਲ ਦੇ ਐੱਸਐੱਚਓ ਸਤਵੀਰ ਸਿੰਘ ਨੇ ਮਾਮਲਾ ਦਰਜ ਹੋਣ ਦੀ ਪੁਸ਼ਟੀ ਕਰਦਿਆਂ ਦੱਸਿਆ ਕਿ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਲਈ ਪੁਲਿਸ ਟੀਮਾਂ ਵੱਲੋਂ ਲਗਾਤਾਰ ਛਾਪੇਮਾਰੀ ਕੀਤੀ ਜਾ ਰਹੀ ਹੈ। ਪੁਲਿਸ ਵੱਲੋਂ ਇਹ ਵੀ ਪਤਾ ਲਗਾਇਆ ਜਾ ਰਿਹਾ ਹੈ ਕਿ ਦੋਵਾਂ ਧੜਿਆਂ ਵਿਚਾਲੇ ਲੜਾਈ ਦੀ ਯੋਜਨਾ ਪਹਿਲਾਂ ਤੋਂ ਬਣਾਈ ਗਈ ਸੀ ਜਾਂ ਨਹੀਂ ਅਤੇ ਇਸ ਵਿਵਾਦ ਦੇ ਪਿੱਛੇ ਅਸਲ ਕਾਰਨ ਕੀ ਹੈ। ਫਿਲਹਾਲ ਪੁਲਿਸ ਵੱਲੋਂ ਮਾਮਲੇ ਦੀ ਡੂੰਘਾਈ ਨਾਲ ਜਾਂਚ ਕੀਤੀ ਜਾ ਰਹੀ ਹੈ ਅਤੇ ਫ਼ਰਾਰ ਮੁਲਜ਼ਮਾਂ ਨੂੰ ਕਾਬੂ ਕਰਨ ਲਈ ਵੱਖ-ਵੱਖ ਥਾਵਾਂ ’ਤੇ ਛਾਪੇਮਾਰੀ ਕੀਤੀ ਜਾ ਰਹੀ ਹੈ।