ਨਿਊਜ਼ ਪੰਜਾਬ
6 ਸਤੰਬਰ,2026
‘ਖੇਡਾਂ ਵਤਨ ਪੰਜਾਬ ਦੀਆਂ’ ਸੀਜ਼ਨ-4 ਨੂੰ ਲੈ ਕੇ ਪੰਜਾਬ ਦੇ ਕ੍ਰਿਕਟ ਪ੍ਰੇਮੀਆਂ ਲਈ ਵੱਡੀ ਖੁਸ਼ਖਬਰੀ ਸਾਹਮਣੇ ਆਈ ਹੈ। ਆਮ ਆਦਮੀ ਪਾਰਟੀ ਦੇ ਸੰਸਦ ਮੈਂਬਰ ਗੁਰਮੀਤ ਸਿੰਘ ਮੀਤ ਹੇਅਰ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਇਸ ਵਾਰ ਪਹਿਲੀ ਵਾਰ ਕੋਸਕੋ ਕ੍ਰਿਕਟ ਨੂੰ ਖੇਡਾਂ ਵਤਨ ਪੰਜਾਬ ਦੀਆਂ ਵਿੱਚ ਸ਼ਾਮਲ ਕੀਤਾ ਗਿਆ ਹੈ। ਲੰਬੇ ਸਮੇਂ ਤੋਂ ਕ੍ਰਿਕਟ ਨੂੰ ਇਨ੍ਹਾਂ ਖੇਡਾਂ ਦਾ ਹਿੱਸਾ ਬਣਾਉਣ ਦੀ ਮੰਗ ਕੀਤੀ ਜਾ ਰਹੀ ਸੀ, ਜਿਸ ਨੂੰ ਹੁਣ ਸਰਕਾਰ ਨੇ ਮਨਜ਼ੂਰੀ ਦੇ ਦਿੱਤੀ ਹੈ। ਪਿੰਡਾਂ ਵਿੱਚ ਖਿਡਾਰੀ ਪਿੰਡ ਪੱਧਰ ’ਤੇ ਟੀਮਾਂ ਬਣਾ ਸਕਦੇ ਹਨ, ਜਦਕਿ ਸ਼ਹਿਰਾਂ ਵਿੱਚ ਵਾਰਡ ਪੱਧਰ ’ਤੇ ਟੀਮਾਂ ਤਿਆਰ ਕਰਕੇ ਮੁਕਾਬਲਿਆਂ ਵਿੱਚ ਹਿੱਸਾ ਲਿਆ ਜਾ ਸਕਦਾ ਹੈ।
ਮੀਤ ਹੇਅਰ ਨੇ ਸੂਬੇ ਦੇ ਸਮੂਹ ਕ੍ਰਿਕਟ ਪ੍ਰੇਮੀਆਂ ਨੂੰ ਵਧਾਈ ਦਿੰਦਿਆਂ ਵੱਡੀ ਗਿਣਤੀ ਵਿੱਚ ਹਿੱਸਾ ਲੈਣ ਦੀ ਅਪੀਲ ਕੀਤੀ ਹੈ। ਕ੍ਰਿਕਟ ਟੀਮਾਂ ਦੀ ਆਨਲਾਈਨ ਰਜਿਸਟ੍ਰੇਸ਼ਨ ਪੰਜਾਬ ਖੇਡ ਵਿਭਾਗ ਦੀ ਅਧਿਕਾਰਕ ਵੈੱਬਸਾਈਟ ਰਾਹੀਂ 10 ਸਤੰਬਰ ਤੱਕ ਕੀਤੀ ਜਾ ਸਕਦੀ ਹੈ। ਉਨ੍ਹਾਂ ਕਿਹਾ ਕਿ ਇਸ ਪਹਿਲ ਦਾ ਮਕਸਦ ਸਿਰਫ਼ ਮੁਕਾਬਲੇ ਕਰਵਾਉਣਾ ਨਹੀਂ, ਸਗੋਂ ਪੰਜਾਬ ਦੇ ਖੇਡ ਸੱਭਿਆਚਾਰ ਨੂੰ ਮੁੜ ਸੁਰਜੀਤ ਕਰਨਾ ਅਤੇ ਸੂਬੇ ਦੇ ਨੌਜਵਾਨਾਂ ਨੂੰ ਖੇਡਾਂ ਨਾਲ ਜੋੜਨਾ ਵੀ ਹੈ।
