ਨਿਊਜ਼ ਪੰਜਾਬ
2 ਸਤੰਬਰ,2026
ਹਰਿਆਣਾ ਦੇ ਯਮੁਨਾਨਗਰ ਜ਼ਿਲ੍ਹੇ ਵਿੱਚ ਹਥਿਨੀਕੁੰਡ ਬੈਰਾਜ ਨੇੜੇ ਮੰਗਲਵਾਰ ਸ਼ਾਮ ਹੜ੍ਹ ਬਚਾਅ ਅਭਿਆਸ ਦੌਰਾਨ ਫੌਜ ਦੀ ਕਿਸ਼ਤੀ ਡੁੱਬਣ ਕਾਰਨ ਵੱਡਾ ਹਾਦਸਾ ਵਾਪਰ ਗਿਆ। ਇਸ ਹਾਦਸੇ ਵਿੱਚ ਪੰਜ ਸੈਨਿਕ ਤੇਜ਼ ਵਹਾਅ ਵਾਲੇ ਪਾਣੀ ਵਿੱਚ ਫਸ ਗਏ, ਜਿਨ੍ਹਾਂ ਵਿੱਚੋਂ ਤਿੰਨ ਜਵਾਨਾਂ ਨੇ ਹਿੰਮਤ ਦਿਖਾਉਂਦਿਆਂ ਕਰੀਬ 600 ਮੀਟਰ ਤੱਕ ਤੈਰ ਕੇ ਪੱਛਮੀ ਯਮੁਨਾ ਨਹਿਰ ਦੇ ਗੇਟ ਰਾਹੀਂ ਸੁਰੱਖਿਅਤ ਬਾਹਰ ਨਿਕਲਣ ਵਿੱਚ ਸਫਲਤਾ ਹਾਸਲ ਕੀਤੀ, ਪਰ ਦੋ ਸੈਨਿਕ ਆਰੀਅਨ ਪਾਟਿਲ, ਜੋ ਮਹਾਰਾਸ਼ਟਰ ਦੇ ਰਹਿਣ ਵਾਲੇ ਹਨ, ਅਤੇ ਅਜੈ, ਜੋ ਅਖਨੂਰ, ਜੰਮੂ-ਕਸ਼ਮੀਰ ਨਾਲ ਸਬੰਧਤ ਹਨ, ਅਜੇ ਵੀ ਲਾਪਤਾ ਹਨ।
ਹਾਦਸੇ ਤੋਂ ਤੁਰੰਤ ਬਾਅਦ ਫੌਜ, ਹਰਿਆਣਾ ਅਤੇ ਉੱਤਰ ਪ੍ਰਦੇਸ਼ ਦੀਆਂ SDRF ਟੀਮਾਂ, ਪੁਲਿਸ ਅਤੇ ਸਥਾਨਕ ਗੋਤਾਖੋਰਾਂ ਵੱਲੋਂ ਵੱਡੇ ਪੱਧਰ ’ਤੇ ਤਲਾਸ਼ੀ ਮੁਹਿੰਮ ਸ਼ੁਰੂ ਕੀਤੀ ਗਈ, ਜੋ ਸਾਰੀ ਰਾਤ ਜਾਰੀ ਰਹੀ। ਤੇਜ਼ ਪਾਣੀ ਦੇ ਵਹਾਅ ਅਤੇ ਡੂੰਘਾਈ ਕਾਰਨ ਗੋਤਾਖੋਰਾਂ ਨੂੰ ਕਈ ਥਾਵਾਂ ’ਤੇ ਖੋਜ ਕਰਨ ਵਿੱਚ ਭਾਰੀ ਮੁਸ਼ਕਲ ਆ ਰਹੀ ਹੈ। ਬਚਾਅ ਟੀਮਾਂ ਨੇ ਹਥਿਨੀਕੁੰਡ ਬੈਰਾਜ ਤੋਂ ਨਿਕਲਣ ਵਾਲੀ ਨਹਿਰ ਦੇ ਲਗਭਗ 10 ਕਿਲੋਮੀਟਰ ਹਿੱਸੇ ਵਿੱਚ ਜਵਾਨਾਂ ਦੀ ਭਾਲ ਕੀਤੀ ਹੈ ਅਤੇ ਨਹਿਰ ਦੇ ਪੁਲਾਂ, ਕਿਨਾਰਿਆਂ ਅਤੇ ਆਫਸ਼ੂਟ ਨਹਿਰਾਂ ’ਤੇ ਵੀ ਵਿਸ਼ੇਸ਼ ਨਿਗਰਾਨੀ ਰੱਖੀ ਜਾ ਰਹੀ ਹੈ। ਪ੍ਰਸ਼ਾਸਨ ਵੱਲੋਂ ਨਹਿਰ ਦੇ ਨਾਲ ਲੱਗਦੇ ਪਿੰਡਾਂ ਦੇ ਸਰਪੰਚਾਂ ਨੂੰ ਵੀ ਸੂਚਿਤ ਕਰ ਦਿੱਤਾ ਗਿਆ ਹੈ ਤਾਂ ਜੋ ਜੇਕਰ ਕੋਈ ਲਾਪਤਾ ਸੈਨਿਕ ਦਿਖਾਈ ਦੇਵੇ ਤਾਂ ਤੁਰੰਤ ਪੁਲਿਸ ਅਤੇ ਪ੍ਰਸ਼ਾਸਨ ਨੂੰ ਜਾਣਕਾਰੀ ਦਿੱਤੀ ਜਾ ਸਕੇ। ਇਸ ਦੇ ਨਾਲ ਹੀ ਹੈਲੀਕਾਪਟਰ ਰਾਹੀਂ ਯਮੁਨਾ ਅਤੇ ਆਸ-ਪਾਸ ਦੇ ਇਲਾਕਿਆਂ ਦੀ ਨਿਗਰਾਨੀ ਕੀਤੀ ਜਾ ਰਹੀ ਹੈ। ਹਾਦਸੇ ਸਮੇਂ ਪਾਣੀ ਦਾ ਵਹਾਅ ਕਾਫ਼ੀ ਤੇਜ਼ ਸੀ, ਜਿਸ ਕਾਰਨ ਰੈਸਕਿਊ ਟੀਮਾਂ ਲਈ ਸਭ ਤੋਂ ਵੱਡੀ ਚੁਣੌਤੀ ਸੈਨਿਕਾਂ ਤੱਕ ਪਹੁੰਚਣਾ ਅਤੇ ਪਾਣੀ ਦੇ ਅੰਦਰ ਸੁਰੱਖਿਅਤ ਢੰਗ ਨਾਲ ਤਲਾਸ਼ ਕਰਨਾ ਬਣੀ ਹੋਈ ਹੈ। ਪ੍ਰਸ਼ਾਸਨ ਨੇ ਹੁਣ ਬੁੱਧਵਾਰ ਨੂੰ ਹੋਰ ਵੱਡੇ ਪੱਧਰ ’ਤੇ ਸਰਚ ਆਪ੍ਰੇਸ਼ਨ ਚਲਾਉਣ ਦੀ ਤਿਆਰੀ ਕੀਤੀ ਹੈ ਅਤੇ ਨਹਿਰਾਂ ਵਿੱਚ ਪਾਣੀ ਦੀ ਸਪਲਾਈ ਘਟਾ ਕੇ ਲਾਪਤਾ ਜਵਾਨਾਂ ਦੀ ਭਾਲ ਨੂੰ ਹੋਰ ਪ੍ਰਭਾਵਸ਼ਾਲੀ ਬਣਾਉਣ ਦੀ ਕੋਸ਼ਿਸ਼ ਕੀਤੀ ਜਾਵੇਗੀ।
