ਨਿਊਜ਼ ਪੰਜਾਬ
30 ਅਗਸਤ,2026
ਫਰੀਦਕੋਟ ਦੇ ਪਿੰਡ ਬੀਹਲੇਵਾਲਾ ਦੇ ਨਾਮੀ ਅੰਤਰਰਾਸ਼ਟਰੀ ਕਬੱਡੀ ਖਿਡਾਰੀ ਸੁਖਜਿੰਦਰ ਸਿੰਘ ਉਰਫ਼ ਸੁੱਖਾ ਬੀਹਲੇਵਾਲਾ ਦਾ ਲੀਵਰ ਦੀ ਗੰਭੀਰ ਬਿਮਾਰੀ ਕਾਰਨ ਦੇਹਾਂਤ ਹੋ ਗਿਆ। ਸੁੱਖਾ ਦੀ ਮੌਤ ਨਾਲ ਪੰਜਾਬ ਦੇ ਕਬੱਡੀ ਜਗਤ ਅਤੇ ਖੇਡ ਪ੍ਰੇਮੀਆਂ ਵਿੱਚ ਸੋਗ ਦੀ ਲਹਿਰ ਦੌੜ ਗਈ ਹੈ। ਕਦੇ ਪੰਜਾਬ ਦੇ ਖੇਡ ਮੇਲਿਆਂ ਵਿੱਚ ਆਪਣੀਆਂ ਤੂਫ਼ਾਨੀ ਰੇਡਾਂ ਨਾਲ ਨਾਮ ਕਮਾਉਣ ਵਾਲੇ ਸੁੱਖਾ ਨੇ ਬਿਮਾਰੀ ਦੌਰਾਨ ਇਲਾਜ ਲਈ ਆਪਣੀ ਸਾਰੀ ਜਮ੍ਹਾਂ ਪੂੰਜੀ ਖਰਚ ਕਰ ਦਿੱਤੀ। ਉਹ ਆਪਣੇ ਪਿੱਛੇ 6 ਸਾਲਾ ਧੀ, 5 ਸਾਲਾ ਪੁੱਤਰ ਅਤੇ ਬਿਮਾਰ ਮਾਤਾ ਮਨਜੀਤ ਕੌਰ ਨੂੰ ਛੱਡ ਗਿਆ ਹੈ। ਪਰਿਵਾਰ ਵਿੱਚ ਹੁਣ ਕਮਾਈ ਕਰਨ ਵਾਲਾ ਕੋਈ ਮੈਂਬਰ ਨਹੀਂ ਹੈ। ਪਿੰਡ ਵਾਸੀਆਂ ਅਤੇ ਪਰਿਵਾਰ ਨੇ ਪੰਜਾਬ ਸਰਕਾਰ, ਖੇਡ ਸੰਸਥਾਵਾਂ, ਕਬੱਡੀ ਕਲੱਬਾਂ ਅਤੇ ਖੇਡ ਪ੍ਰੇਮੀਆਂ ਨੂੰ ਅਪੀਲ ਕੀਤੀ ਹੈ ਕਿ ਬੱਚਿਆਂ ਦੀ ਪੜ੍ਹਾਈ ਅਤੇ ਭਵਿੱਖ ਲਈ ਪਰਿਵਾਰ ਦੀ ਆਰਥਿਕ ਮਦਦ ਕੀਤੀ ਜਾਵੇ।
