ਹਰਿਆਣਾ ਸਰਕਾਰ ਦਾ ਵੱਡਾ ਐਕਸ਼ਨ! ਘਿਓ ਦੇ ਨਾਮ ’ਤੇ ਵਿਕਣ ਵਾਲੇ ਇਨ੍ਹਾਂ ਉਤਪਾਦਾਂ ’ਤੇ ਇੱਕ ਸਾਲ ਲਈ ਪਾਬੰਦੀ

ਨਿਊਜ਼ ਪੰਜਾਬ

30 ਅਗਸਤ,2026

ਹਰਿਆਣਾ ਸਰਕਾਰ ਨੇ ਭੋਜਨ ਵਿੱਚ ਮਿਲਾਵਟ ਅਤੇ ਖਪਤਕਾਰਾਂ ਨੂੰ ਗੁੰਮਰਾਹ ਕਰਨ ਵਾਲੇ ਉਤਪਾਦਾਂ ਖ਼ਿਲਾਫ਼ ਵੱਡਾ ਫੈਸਲਾ ਲਿਆ ਹੈ। ਸਰਕਾਰ ਨੇ ਅਜਿਹੇ ਉਤਪਾਦਾਂ ਦੇ ਨਿਰਮਾਣ, ਵਿਕਰੀ, ਸਟੋਰੇਜ ਅਤੇ ਸਪਲਾਈ ’ਤੇ ਇੱਕ ਸਾਲ ਲਈ ਪਾਬੰਦੀ ਲਗਾ ਦਿੱਤੀ ਹੈ, ਜੋ ਘਿਓ ਦੇ ਨਾਮ ’ਤੇ ਬਾਜ਼ਾਰ ਵਿੱਚ ਵੇਚੇ ਜਾਂਦੇ ਹਨ ਪਰ ਨਿਰਧਾਰਤ ਗੁਣਵੱਤਾ ਅਤੇ ਰਚਨਾ ਦੇ ਮਾਪਦੰਡਾਂ ਨੂੰ ਪੂਰਾ ਨਹੀਂ ਕਰਦੇ।

ਇਹ ਹੁਕਮ 21 ਅਗਸਤ 2026 ਤੋਂ ਪੂਰੇ ਹਰਿਆਣਾ ਵਿੱਚ ਲਾਗੂ ਕਰ ਦਿੱਤਾ ਗਿਆ ਹੈ। ਇਸ ਤਹਿਤ ਪੂਜਾ ਲਈ ਘਿਓ, ਦੀਆ ਘਿਓ, ਵਨਸਪਤੀ ਘਿਓ, ਕੁਕਿੰਗ ਘਿਓ, ਟੇਬਲ ਘਿਓ ਅਤੇ ਹਵਨ ਘਿਓ ਵਰਗੇ ਨਾਮਾਂ ਨਾਲ ਵਿਕਣ ਵਾਲੇ ਉਤਪਾਦ ਵੀ ਜਾਂਚ ਦੇ ਘੇਰੇ ਵਿੱਚ ਆਉਣਗੇ। ਸਰਕਾਰ ਦਾ ਮਕਸਦ ਮਿਲਾਵਟੀ ਅਤੇ ਗਲਤ ਲੇਬਲ ਵਾਲੇ ਉਤਪਾਦਾਂ ਦੀ ਵਿਕਰੀ ’ਤੇ ਰੋਕ ਲਗਾ ਕੇ ਲੋਕਾਂ ਨੂੰ ਸੁਰੱਖਿਅਤ ਅਤੇ ਮਿਆਰੀ ਭੋਜਨ ਮੁਹੱਈਆ ਕਰਵਾਉਣਾ ਹੈ। ਹਾਲਾਂਕਿ, ਇਸ ਫੈਸਲੇ ਦਾ ਇਹ ਮਤਲਬ ਨਹੀਂ ਕਿ ਹਰ ਤਰ੍ਹਾਂ ਦੇ ਘਿਓ ਦੀ ਵਿਕਰੀ ਬੰਦ ਹੋ ਗਈ ਹੈ। ਜੋ ਅਸਲੀ ਘਿਓ ਫੂਡ ਸੇਫਟੀ ਦੇ ਨਿਰਧਾਰਤ ਮਾਪਦੰਡਾਂ ਨੂੰ ਪੂਰਾ ਕਰਦਾ ਹੈ, ਉਸ ਦੀ ਵਿਕਰੀ ਪਹਿਲਾਂ ਵਾਂਗ ਜਾਰੀ ਰਹੇਗੀ।