ਰੱਖੜੀ ਵਾਲੇ ਦਿਨ ਉੱਜੜਿਆ ਪਰਿਵਾਰ, 3 ਭੈਣਾਂ ਦੇ ਇਕਲੌਤੇ ਭਰਾ ਦੀ ਸੜਕ ਹਾਦਸੇ ’ਚ ਮੌਤ

ਨਿਊਜ਼ ਪੰਜਾਬ

28 ਅਗਸਤ,2026

ਮੋਹਾਲੀ ਦੇ ਏਅਰਪੋਰਟ ਚੌਂਕ ਨੇੜੇ ਰੱਖੜੀ ਦੇ ਪਵਿੱਤਰ ਤਿਉਹਾਰ ਵਾਲੇ ਦਿਨ ਇੱਕ ਪਰਿਵਾਰ ’ਤੇ ਦੁੱਖਾਂ ਦਾ ਪਹਾੜ ਟੁੱਟ ਪਿਆ। ਤਿੰਨ ਭੈਣਾਂ ਦੇ ਇਕਲੌਤੇ ਭਰਾ 23 ਸਾਲਾ ਪਰਮਪ੍ਰੀਤ ਸਿੰਘ ਦੀ ਦਰਦਨਾਕ ਸੜਕ ਹਾਦਸੇ ਵਿੱਚ ਮੌਤ ਹੋ ਗਈ। ਜਾਣਕਾਰੀ ਮੁਤਾਬਕ ਪਰਮਪ੍ਰੀਤ ਮੋਟਰਸਾਈਕਲ ’ਤੇ ਸਵਾਰ ਹੋ ਕੇ ਆਪਣੀਆਂ ਭੈਣਾਂ ਤੋਂ ਰੱਖੜੀ ਬਣਵਾਉਣ ਲਈ ਘਰ ਜਾ ਰਿਹਾ ਸੀ। ਏਅਰਪੋਰਟ ਰੋਡ ’ਤੇ ਅਚਾਨਕ ਮੋਟਰਸਾਈਕਲ ਸਲਿੱਪ ਹੋਣ ਕਾਰਨ ਉਹ ਗੰਭੀਰ ਜ਼ਖਮੀ ਹੋ ਗਿਆ।

ਪਰਿਵਾਰ ਦਾ ਦੋਸ਼ ਹੈ ਕਿ ਹਾਦਸੇ ਤੋਂ ਬਾਅਦ ਉਹ ਕਰੀਬ ਡੇਢ ਘੰਟੇ ਤੱਕ ਸੜਕ ’ਤੇ ਪਿਆ ਰਿਹਾ ਅਤੇ ਸਮੇਂ ਸਿਰ ਐਂਬੂਲੈਂਸ ਜਾਂ ਪੁਲਿਸ ਦੀ ਮਦਦ ਨਹੀਂ ਮਿਲੀ। ਹਸਪਤਾਲ ਪਹੁੰਚਣ ਤੱਕ ਬਹੁਤ ਦੇਰ ਹੋ ਚੁੱਕੀ ਸੀ ਅਤੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਪਰਮਪ੍ਰੀਤ ਆਪਣੇ ਮਾਪਿਆਂ ਦਾ ਇਕਲੌਤਾ ਪੁੱਤਰ ਅਤੇ ਪਰਿਵਾਰ ਦਾ ਇਕੋ-ਇਕ ਕਮਾਉਣ ਵਾਲਾ ਮੈਂਬਰ ਸੀ। ਉਸ ’ਤੇ ਤਿੰਨ ਭੈਣਾਂ ਦੇ ਵਿਆਹ ਦੀ ਜ਼ਿੰਮੇਵਾਰੀ ਸੀ। ਇਸ ਦੁਖਦਾਈ ਘਟਨਾ ਤੋਂ ਬਾਅਦ ਮਾਂ ਅਤੇ ਤਿੰਨਾਂ ਭੈਣਾਂ ਦਾ ਰੋ-ਰੋ ਕੇ ਬੁਰਾ ਹਾਲ ਹੈ, ਜਦਕਿ ਪਿੰਡ ਮਛਲੀਕਲਾਂ ਵਿੱਚ ਸੋਗ ਦੀ ਲਹਿਰ ਛਾਈ ਹੋਈ ਹੈ।