ਪੰਜਾਬ-ਚੰਡੀਗੜ੍ਹ ‘ਚ ਮੌਨਸੂਨ ਹੋਇਆ ਕਮਜ਼ੋਰ, ਗਰਮੀ ਤੇ ਹੁੰਮਸ ਵਧੀ; ਇਨ੍ਹਾਂ 5 ਜ਼ਿਲ੍ਹਿਆਂ ‘ਚ ਮੀਂਹ ਦੇ ਆਸਾਰ

ਨਿਊਜ਼ ਪੰਜਾਬ

28 ਅਗਸਤ,2026

ਪੰਜਾਬ ਅਤੇ ਚੰਡੀਗੜ੍ਹ ਵਿੱਚ ਮੌਨਸੂਨ ਦੀ ਸਰਗਰਮੀ ਕਮਜ਼ੋਰ ਹੋਣ ਕਾਰਨ ਇੱਕ ਵਾਰ ਫਿਰ ਗਰਮੀ ਅਤੇ ਨਮੀ ਦਾ ਅਸਰ ਵਧਣ ਲੱਗਾ ਹੈ। ਸ਼ੁੱਕਰਵਾਰ ਸਵੇਰੇ ਪਠਾਨਕੋਟ ਵਿੱਚ ਭਾਰੀ ਮੀਂਹ ਪੈਣ ਨਾਲ ਮੌਸਮ ਨੇ ਕੁਝ ਰਾਹਤ ਜ਼ਰੂਰ ਦਿੱਤੀ, ਪਰ ਸੂਬੇ ਦੇ ਜ਼ਿਆਦਾਤਰ ਹਿੱਸਿਆਂ ਵਿੱਚ ਗਰਮੀ ਅਤੇ ਹੁੰਮਸ ਬਰਕਰਾਰ ਹੈ। ਮੌਸਮ ਵਿਭਾਗ ਵੱਲੋਂ ਪਠਾਨਕੋਟ, ਗੁਰਦਾਸਪੁਰ, ਹੁਸ਼ਿਆਰਪੁਰ, ਨਵਾਂਸ਼ਹਿਰ ਅਤੇ ਰੋਪੜ ਵਿੱਚ ਮੀਂਹ ਪੈਣ ਦੀ ਸੰਭਾਵਨਾ ਜਤਾਈ ਗਈ ਹੈ, ਜਦਕਿ ਚੰਡੀਗੜ੍ਹ ਵਿੱਚ ਵੀ ਅੰਸ਼ਕ ਤੌਰ ’ਤੇ ਬੱਦਲ ਛਾਏ ਰਹਿਣ ਅਤੇ ਹਲਕੀ ਬਾਰਿਸ਼ ਹੋਣ ਦੇ ਆਸਾਰ ਹਨ।

ਪੰਜਾਬ ਦਾ ਔਸਤ ਤਾਪਮਾਨ ਆਮ ਨਾਲੋਂ ਕਰੀਬ 2.8 ਡਿਗਰੀ ਸੈਲਸੀਅਸ ਵੱਧ ਦਰਜ ਕੀਤਾ ਗਿਆ ਹੈ, ਜਿਸ ਕਾਰਨ ਲੋਕਾਂ ਨੂੰ ਗਰਮੀ ਦੇ ਨਾਲ-ਨਾਲ ਵਧੀ ਹੋਈ ਨਮੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਪਿਛਲੇ ਦਿਨ ਰੋਪੜ ਵਿੱਚ 3.5 ਮਿਲੀਮੀਟਰ ਮੀਂਹ ਦਰਜ ਕੀਤਾ ਗਿਆ, ਜਦਕਿ ਕਈ ਹੋਰ ਮੌਸਮੀ ਕੇਂਦਰਾਂ ’ਤੇ ਬਾਰਿਸ਼ ਨਹੀਂ ਹੋਈ। ਇਸ ਦੌਰਾਨ ਉੱਤਰੀ ਹਰਿਆਣਾ ਨੇੜੇ ਬਣਿਆ ਮੌਸਮੀ ਸਿਸਟਮ, ਅੰਮ੍ਰਿਤਸਰ ਤੋਂ ਅੰਬਾਲਾ ਵੱਲੋਂ ਲੰਘ ਰਿਹਾ ਮੌਨਸੂਨ ਟ੍ਰਫ਼ ਅਤੇ ਦੱਖਣ-ਪੂਰਬੀ ਉੱਤਰ ਪ੍ਰਦੇਸ਼ ਵਿੱਚ ਸਰਗਰਮ ਘੱਟ ਦਬਾਅ ਵਾਲਾ ਖੇਤਰ ਪੰਜਾਬ ਦੇ ਮੌਸਮ ਨੂੰ ਪ੍ਰਭਾਵਿਤ ਕਰ ਸਕਦਾ ਹੈ। ਇਨ੍ਹਾਂ ਪ੍ਰਣਾਲੀਆਂ ਦੇ ਪ੍ਰਭਾਵ ਕਾਰਨ ਖ਼ਾਸ ਕਰਕੇ ਉੱਤਰੀ ਅਤੇ ਪੂਰਬੀ ਪੰਜਾਬ ਵਿੱਚ ਮੀਂਹ ਦੀਆਂ ਗਤੀਵਿਧੀਆਂ ਦੇਖਣ ਨੂੰ ਮਿਲ ਸਕਦੀਆਂ ਹਨ। ਉਧਰ, ਭਾਖੜਾ ਅਤੇ ਪੋਂਗ ਡੈਮਾਂ ਨੂੰ ਲੈ ਕੇ ਵੀ ਫਿਲਹਾਲ ਰਾਹਤ ਵਾਲੀ ਸਥਿਤੀ ਹੈ। ਭਾਖੜਾ ਡੈਮ ਦਾ ਪਾਣੀ ਪੱਧਰ 1,634.61 ਫੁੱਟ ਅਤੇ ਪੋਂਗ ਡੈਮ ਦਾ 1,365.88 ਫੁੱਟ ਦਰਜ ਕੀਤਾ ਗਿਆ ਹੈ। ਦੋਵਾਂ ਡੈਮਾਂ ’ਤੇ ਪਾਣੀ ਦਾ ਪੱਧਰ ਕੰਟਰੋਲ ਵਿੱਚ ਹੈ ਅਤੇ ਇਸ ਵੇਲੇ ਕਿਸੇ ਤਰ੍ਹਾਂ ਦੇ ਖ਼ਤਰੇ ਦੀ ਸਥਿਤੀ ਨਹੀਂ ਦੱਸੀ ਗਈ।