ਪੰਜਾਬ ‘ਚ ਵਧੇ ਬਿਜਲੀ ਬਿੱਲਾਂ ਤੋਂ ਮਿਲੇਗਾ ਛੁਟਕਾਰਾ, ਸਰਕਾਰ ਨੇ ਜਾਰੀ ਕੀਤੇ ਹੈਲਪਲਾਈਨ ਨੰਬਰ

ਨਿਊਜ਼ ਪੰਜਾਬ

27 ਅਗਸਤ,2026

ਪੰਜਾਬ ਵਿੱਚ ਗਲਤ ਜਾਂ ਜ਼ਿਆਦਾ ਬਿਜਲੀ ਬਿੱਲਾਂ ਤੋਂ ਪ੍ਰੇਸ਼ਾਨ ਖਪਤਕਾਰਾਂ ਲਈ ਸਰਕਾਰ ਨੇ ਵੱਡਾ ਕਦਮ ਚੁੱਕਿਆ ਹੈ। ਬਿਜਲੀ ਬਿੱਲਾਂ ਨਾਲ ਜੁੜੀਆਂ ਸ਼ਿਕਾਇਤਾਂ ਦੇ ਤੁਰੰਤ ਹੱਲ ਲਈ ਦੋ ਵਿਸ਼ੇਸ਼ ਹੈਲਪਲਾਈਨ ਨੰਬਰ 1613105055 ਅਤੇ 1616650355 ਜਾਰੀ ਕੀਤੇ ਗਏ ਹਨ। ਬਿਜਲੀ ਮੰਤਰੀ ਤਰੁਣਪ੍ਰੀਤ ਸਿੰਘ ਸੋਂਧ ਨੇ ਦੱਸਿਆ ਕਿ ਇਨ੍ਹਾਂ ਨੰਬਰਾਂ ‘ਤੇ ਦਰਜ ਹੋਣ ਵਾਲੀਆਂ ਸ਼ਿਕਾਇਤਾਂ ਦਾ ਹੱਲ 15 ਦਿਨਾਂ ਦੇ ਅੰਦਰ ਕਰਨ ਦਾ ਟੀਚਾ ਰੱਖਿਆ ਗਿਆ ਹੈ। ਹੈਲਪਲਾਈਨ ਚਲਾਉਣ ਲਈ 20 ਕਰਮਚਾਰੀਆਂ ਦੀ ਟੀਮ ਤਾਇਨਾਤ ਕੀਤੀ ਗਈ ਹੈ। ਇਸ ਤੋਂ ਇਲਾਵਾ ਖਪਤਕਾਰ PSPCL Consumer Services App ਰਾਹੀਂ ਵੀ ਆਪਣੀਆਂ ਸ਼ਿਕਾਇਤਾਂ ਦਰਜ ਕਰਵਾ ਸਕਦੇ ਹਨ।

ਇਸ ਦੇ ਨਾਲ ਹੀ ਸਰਕਾਰ ਨੇ 63,702 ਖਪਤਕਾਰਾਂ ਲਈ ਰਾਹਤ ਦਾ ਐਲਾਨ ਕੀਤਾ ਹੈ, ਜਿਨ੍ਹਾਂ ਨੂੰ ਮੀਟਰ ਰੀਡਰਾਂ ਦੀ ਹੜਤਾਲ ਦੌਰਾਨ ਔਸਤ ਖਪਤ ਦੇ ਆਧਾਰ ‘ਤੇ ਬਿੱਲ ਜਾਰੀ ਹੋਏ ਸਨ ਅਤੇ ਮਈ-ਜੂਨ ਦੀ 300 ਯੂਨਿਟ ਮੁਫ਼ਤ ਬਿਜਲੀ ਸਬਸਿਡੀ ਦਾ ਲਾਭ ਨਹੀਂ ਮਿਲ ਸਕਿਆ। ਹੁਣ ਇਨ੍ਹਾਂ ਖਪਤਕਾਰਾਂ ਦੇ ਬਿੱਲ ਮੁੜ ਤਿਆਰ ਕੀਤੇ ਜਾਣਗੇ ਅਤੇ ਅਗਲੇ ਤਿੰਨ ਕੰਮਕਾਜੀ ਦਿਨਾਂ ਵਿੱਚ ਸੋਧੇ ਹੋਏ ਬਿੱਲ ਜਾਰੀ ਕਰਨ ਦੀ ਗੱਲ ਕਹੀ ਗਈ ਹੈ। ਜਿਨ੍ਹਾਂ ਲੋਕਾਂ ਨੇ ਪਹਿਲਾਂ ਹੀ ਬਿੱਲ ਭਰ ਦਿੱਤਾ ਹੈ, ਉਨ੍ਹਾਂ ਦੀ ਵਾਧੂ ਰਕਮ ਅਗਲੇ ਬਿੱਲ ਵਿੱਚ ਐਡਜਸਟ ਕੀਤੀ ਜਾਵੇਗੀ। ਸਰਕਾਰ ਦਾ ਕਹਿਣਾ ਹੈ ਕਿ ਇਸ ਕਦਮ ਨਾਲ ਗਲਤ ਬਿਲਿੰਗ ਦੀ ਸਮੱਸਿਆ ਦੂਰ ਹੋਵੇਗੀ ਅਤੇ ਯੋਗ ਖਪਤਕਾਰਾਂ ਨੂੰ ਮੁਫ਼ਤ ਬਿਜਲੀ ਸਬਸਿਡੀ ਦਾ ਪੂਰਾ ਲਾਭ ਮਿਲੇਗਾ।