ਨਿਊਜ਼ ਪੰਜਾਬ
26 ਅਗਸਤ,2026
ਕਰਨਾਟਕ ਦੀ ਡੀ.ਕੇ. ਸ਼ਿਵਕੁਮਾਰ ਸਰਕਾਰ ’ਤੇ ਕਥਿਤ 89 ਕਰੋੜ ਰੁਪਏ ਦੇ ਵਾਲਮੀਕੀ ਨਿਗਮ ਘਪਲੇ ਨੂੰ ਲੈ ਕੇ ਸਿਆਸੀ ਦਬਾਅ ਵਧਦਾ ਜਾ ਰਿਹਾ ਹੈ। ਇਸੇ ਦੌਰਾਨ ਯੋਜਨਾ ਅਤੇ ਅੰਕੜਾ ਮੰਤਰੀ ਬੀ. ਨਾਗੇਂਦਰ ਨੇ ਆਪਣੇ ਅਹੁਦੇ ਤੋਂ ਅਸਤੀਫ਼ਾ ਦੇਣ ਦੀ ਪੇਸ਼ਕਸ਼ ਕਰ ਦਿੱਤੀ ਹੈ। ਨਾਗੇਂਦਰ ਲੰਬੇ ਸਮੇਂ ਤੋਂ ਵਿਰੋਧੀ ਧਿਰ ਭਾਜਪਾ ਅਤੇ ਜੇਡੀਐੱਸ ਦੇ ਨਿਸ਼ਾਨੇ ’ਤੇ ਸਨ। ਵਿਰੋਧੀ ਧਿਰ ਵੱਲੋਂ ਉਨ੍ਹਾਂ ਨੂੰ ਮੰਤਰੀ ਮੰਡਲ ਤੋਂ ਹਟਾਉਣ ਦੀ ਮੰਗ ਨੂੰ ਲੈ ਕੇ ਵਿਧਾਨ ਸਭਾ ਦੇ ਅੰਦਰ ਅਤੇ ਬਾਹਰ ਲਗਾਤਾਰ ਪ੍ਰਦਰਸ਼ਨ ਕੀਤੇ ਗਏ। ਭਾਜਪਾ ਨੇ ਇਸ ਮਾਮਲੇ ਵਿੱਚ ਨੈਤਿਕ ਜ਼ਿੰਮੇਵਾਰੀ ਤੈਅ ਕਰਦਿਆਂ ਨਾਗੇਂਦਰ ਦੇ ਅਸਤੀਫ਼ੇ ਦੀ ਮੰਗ ਕੀਤੀ ਸੀ। ਲਗਾਤਾਰ ਵਧਦੇ ਸਿਆਸੀ ਦਬਾਅ ਅਤੇ ਵਿਧਾਨ ਸਭਾ ਵਿੱਚ ਹੋਏ ਹੰਗਾਮੇ ਤੋਂ ਬਾਅਦ ਨਾਗੇਂਦਰ ਵੱਲੋਂ ਅਸਤੀਫ਼ੇ ਦੀ ਪੇਸ਼ਕਸ਼ ਨੂੰ ਅਹਿਮ ਸਿਆਸੀ ਘਟਨਾਕ੍ਰਮ ਮੰਨਿਆ ਜਾ ਰਿਹਾ ਹੈ। ਹਾਲਾਂਕਿ, ਉਨ੍ਹਾਂ ਦਾ ਅਸਤੀਫ਼ਾ ਸਵੀਕਾਰ ਕਰਨਾ ਹੈ ਜਾਂ ਨਹੀਂ, ਇਸ ਬਾਰੇ ਅੰਤਿਮ ਫੈਸਲਾ ਮੁੱਖ ਮੰਤਰੀ ਅਤੇ ਕਾਂਗਰਸ ਲੀਡਰਸ਼ਿਪ ਵੱਲੋਂ ਲਿਆ ਜਾਣਾ ਹੈ।
