ਸਿਰਸਾ ’ਚ ਕਾਂਗਰਸੀ ਆਗੂ ਦੇ ਪੋਤੇ ਦਾ ਕਤਲ, 27 ਹਮਲਾਵਰਾਂ ਨੇ ਘੇਰ ਕੇ ਕੀਤਾ ਹਥਿਆਰਾਂ ਨਾਲ ਹਮਲਾ

ਨਿਊਜ਼ ਪੰਜਾਬ

22 ਅਗਸਤ 2026

ਸਿਰਸਾ ਵਿੱਚ ਦਿਨ-ਦਿਹਾੜੇ ਵਾਪਰੀ ਇੱਕ ਸਨਸਨੀਖੇਜ਼ ਵਾਰਦਾਤ ਨੇ ਇਲਾਕੇ ਵਿੱਚ ਦਹਿਸ਼ਤ ਦਾ ਮਾਹੌਲ ਪੈਦਾ ਕਰ ਦਿੱਤਾ ਹੈ। ਕਾਂਗਰਸੀ ਆਗੂ ਪੋਹਲਾ ਸਿੰਘ ਗਿੱਲ ਦੇ ਪੋਤੇ ਕੁਲਬੀਰ ਸਿੰਘ ਉਰਫ਼ ਨਿੱਕਾ (42) ਦੀ ਕਰੀਬ 27 ਹਮਲਾਵਰਾਂ ਵੱਲੋਂ ਤੇਜ਼ਧਾਰ ਹਥਿਆਰਾਂ ਅਤੇ ਡੰਡਿਆਂ ਨਾਲ ਹਮਲਾ ਕਰਕੇ ਹੱਤਿਆ ਕਰ ਦਿੱਤੀ ਗਈ। ਜਾਣਕਾਰੀ ਅਨੁਸਾਰ ਨਿੱਕਾ ਆਪਣੇ ਭਰਾ ਅਤੇ ਭਤੀਜੇ ਨਾਲ ਬੱਸ ਸਟੈਂਡ ਨੇੜੇ ਮੌਜੂਦ ਸੀ, ਜਦੋਂ ਵੱਡੀ ਗਿਣਤੀ ਵਿੱਚ ਆਏ ਹਮਲਾਵਰਾਂ ਨੇ ਤਿੰਨਾਂ ਨੂੰ ਘੇਰ ਲਿਆ। ਤਿੰਨਾਂ ਨੇ ਮੌਕੇ ਤੋਂ ਬਚਣ ਦੀ ਕੋਸ਼ਿਸ਼ ਕੀਤੀ, ਪਰ ਹਮਲਾਵਰਾਂ ਨੇ ਪਿੱਛਾ ਕਰਕੇ ਉਨ੍ਹਾਂ ’ਤੇ ਲਗਾਤਾਰ ਵਾਰ ਕੀਤੇ। ਹਮਲੇ ਵਿੱਚ ਤਿੰਨੇ ਗੰਭੀਰ ਜ਼ਖਮੀ ਹੋ ਗਏ। ਰਾਹਗੀਰਾਂ ਨੇ ਜ਼ਖਮੀਆਂ ਨੂੰ ਸਿਵਲ ਹਸਪਤਾਲ ਪਹੁੰਚਾਇਆ, ਜਿੱਥੇ ਨਿੱਕਾ ਦੀ ਮੌਤ ਹੋ ਗਈ। ਘਟਨਾ ਨਾਲ ਜੁੜੀ ਵੀਡੀਓ ਵੀ ਸਾਹਮਣੇ ਆਈ ਹੈ, ਜਿਸ ਵਿੱਚ ਹਮਲਾਵਰ ਹਮਲੇ ਤੋਂ ਬਾਅਦ ਮੌਕੇ ਤੋਂ ਭੱਜਦੇ ਨਜ਼ਰ ਆ ਰਹੇ ਹਨ। ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।

ਪੁਲਿਸ ਮੁਤਾਬਕ ਮ੍ਰਿਤਕ ਨਿੱਕਾ ਦੇ ਦਾਦਾ ਪੋਹਲਾ ਸਿੰਘ ਗਿੱਲ ਕਾਂਗਰਸ ਦੇ ਸਰਗਰਮ ਆਗੂ ਰਹੇ ਹਨ ਅਤੇ ਉਹ ਝੋਰੜ ਰੋਹੀ ਪਿੰਡ ਦੇ ਸਰਪੰਚ ਅਤੇ ਬਲਾਕ ਕਮੇਟੀ ਮੈਂਬਰ ਵਜੋਂ ਵੀ ਸੇਵਾ ਨਿਭਾ ਚੁੱਕੇ ਹਨ। ਨਿੱਕਾ ਦਾ ਨਾਮ ਕਰੀਬ 8 ਸਾਲ ਪਹਿਲਾਂ ਪਿੰਡ ਵਿੱਚ ਹੋਏ ਸ਼ਰਾਬ ਠੇਕੇਦਾਰ ਗੰਗਾ ਸਿੰਘ ਦੇ ਕਤਲ ਮਾਮਲੇ ਵਿੱਚ ਸਾਹਮਣੇ ਆਇਆ ਸੀ। ਇਸ ਮਾਮਲੇ ਵਿੱਚ ਉਸਨੂੰ 20 ਸਾਲ ਦੀ ਕੈਦ ਦੀ ਸਜ਼ਾ ਸੁਣਾਈ ਗਈ ਸੀ ਅਤੇ ਉਹ ਇਸ ਸਮੇਂ ਜ਼ਮਾਨਤ ’ਤੇ ਬਾਹਰ ਸੀ। ਪੁਲਿਸ ਇਸ ਪੁਰਾਣੇ ਵਿਵਾਦ ਨੂੰ ਵੀ ਮੌਜੂਦਾ ਹਮਲੇ ਨਾਲ ਜੋੜ ਕੇ ਜਾਂਚ ਕਰ ਰਹੀ ਹੈ। ਨਿੱਕਾ ਦੋ ਛੋਟੇ ਬੱਚਿਆਂ ਦਾ ਪਿਤਾ ਸੀ। ਉਸਦੀ ਮੌਤ ਦੀ ਖ਼ਬਰ ਮਿਲਦਿਆਂ ਹੀ ਪਰਿਵਾਰ ਵਿੱਚ ਸੋਗ ਦੀ ਲਹਿਰ ਦੌੜ ਗਈ। ਪੁਲਿਸ ਨੇ ਪਰਿਵਾਰਕ ਮੈਂਬਰਾਂ ਦੇ ਬਿਆਨ ਦਰਜ ਕਰਕੇ ਲਾਸ਼ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਹੈ ਅਤੇ ਹਮਲਾਵਰਾਂ ਦੀ ਪਛਾਣ ਤੇ ਗ੍ਰਿਫ਼ਤਾਰੀ ਲਈ ਜਾਂਚ ਜਾਰੀ ਹੈ।