ਫਿਰੋਜ਼ਪੁਰ ਡਿਊਟੀ ਦੌਰਾਨ 23 ਸਾਲਾ ਅਗਨੀਵੀਰ ਕੁਲਵਿੰਦਰ ਸਿੰਘ ਦੀ ਹਾਰਟ ਅਟੈਕ ਨਾਲ ਮੌਤ, ਪਿੰਡ ਕਾਹਨੇ-ਕੇ ’ਚ ਛਾਇਆ ਮਾਤਮ

ਨਿਊਜ਼ ਪੰਜਾਬ

15 ਅਗਸਤ 2026

ਭਦੌੜ ਹਲਕੇ ਦੇ ਪਿੰਡ ਕਾਹਨੇ-ਕੇ ਵਿੱਚ ਆਜ਼ਾਦੀ ਦਿਹਾੜੇ ਦੇ ਜਸ਼ਨ ਦਰਮਿਆਨ ਉਸ ਵੇਲੇ ਮਾਤਮ ਛਾ ਗਿਆ, ਜਦੋਂ ਗਰੀਬ ਪਰਿਵਾਰ ਨਾਲ ਸਬੰਧਤ 23 ਸਾਲਾ ਅਗਨੀਵੀਰ ਫੌਜੀ ਕੁਲਵਿੰਦਰ ਸਿੰਘ ਦੀ ਫਿਰੋਜ਼ਪੁਰ ਵਿੱਚ ਡਿਊਟੀ ਦੌਰਾਨ ਹਾਰਟ ਅਟੈਕ ਕਾਰਨ ਮੌਤ ਹੋ ਗਈ। ਕੁਲਵਿੰਦਰ ਸਿੰਘ ਕਰੀਬ ਤਿੰਨ ਸਾਲ ਪਹਿਲਾਂ 113 ਇੰਜੀਨੀਅਰ ਯੂਨਿਟ ਵਿੱਚ ਭਰਤੀ ਹੋਇਆ ਸੀ ਅਤੇ ਪਰਿਵਾਰ ਦੀ ਆਰਥਿਕ ਹਾਲਤ ਸੁਧਾਰਨ ਤੇ ਮਾਪਿਆਂ ਦੇ ਸੁਪਨੇ ਪੂਰੇ ਕਰਨ ਲਈ ਫੌਜ ਵਿੱਚ ਸੇਵਾ ਨਿਭਾ ਰਿਹਾ ਸੀ।

ਪੁੱਤ ਦੀ ਮੌਤ ਦੀ ਖ਼ਬਰ ਮਿਲਦੇ ਹੀ ਪਰਿਵਾਰ ’ਤੇ ਦੁੱਖਾਂ ਦਾ ਪਹਾੜ ਟੁੱਟ ਪਿਆ। ਪਿਤਾ ਜਗਸੀਰ ਸਿੰਘ ਨੇ ਦੱਸਿਆ ਕਿ ਘਰ ਦੀ ਮਾਲੀ ਹਾਲਤ ਬਹੁਤ ਮਾੜੀ ਹੋਣ ਕਾਰਨ ਉਹ ਆਪਣੇ ਪੁੱਤ ਕੋਲ ਫਿਰੋਜ਼ਪੁਰ ਜਾਣ ਲਈ ਵੀ ਪੈਸਿਆਂ ਤੋਂ ਮੋਹਤਾਜ ਸਨ। ਪਰਿਵਾਰ ਅਤੇ ਪਿੰਡ ਵਾਸੀਆਂ ਨੇ ਪੰਜਾਬ ਤੇ ਕੇਂਦਰ ਸਰਕਾਰ ਤੋਂ ਆਰਥਿਕ ਸਹਾਇਤਾ ਅਤੇ ਪਰਿਵਾਰ ਦੇ ਇੱਕ ਮੈਂਬਰ ਨੂੰ ਸਰਕਾਰੀ ਨੌਕਰੀ ਦੇਣ ਦੀ ਮੰਗ ਕੀਤੀ ਹੈ। ਕੁਲਵਿੰਦਰ ਸਿੰਘ ਦਾ ਪਿੰਡ ਵਿੱਚ ਫੌਜੀ ਸਨਮਾਨਾਂ ਨਾਲ ਅੰਤਿਮ ਸੰਸਕਾਰ ਕੀਤਾ ਜਾਵੇਗਾ। ਉਹ ਆਪਣੇ ਪਿੱਛੇ ਮਾਪਿਆਂ ਅਤੇ ਇੱਕ ਛੋਟੇ ਭਰਾ ਨੂੰ ਛੱਡ ਗਿਆ ਹੈ।