ਨਿਊਜ਼ ਪੰਜਾਬ
14 ਅਗਸਤ,2026
ਲੁਧਿਆਣਾ ਦੇ ਨਾਸੂਰ ਬਣ ਚੁੱਕੇ ‘ਬੁੱਢੇ ਨਾਲੇ’ ਦੀ ਕਾਇਆ-ਕਲਪ ਅਤੇ ਸ਼ਹਿਰ ਨੂੰ ਪ੍ਰਦੂਸ਼ਣ ਮੁਕਤ ਬਣਾਉਣ ਲਈ ਪੰਜਾਬ ਸਰਕਾਰ ਵੱਲੋਂ ਵੱਡਾ ਕਦਮ ਚੁੱਕਿਆ ਗਿਆ ਹੈ। ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਹੈਬੋਵਾਲ ਵਿਖੇ HPCL ਦੇ ਸਹਿਯੋਗ ਨਾਲ 65 ਕਰੋੜ ਰੁਪਏ ਦੀ ਲਾਗਤ ਨਾਲ ਸਥਾਪਿਤ ਕੀਤੇ ਜਾ ਰਹੇ ਕੰਪ੍ਰੈੱਸਡ ਬਾਇਓ ਗੈਸ (CBG) ਪਲਾਂਟ ਦਾ ਨੀਂਹ ਪੱਥਰ ਰੱਖਿਆ।
ਢਾਈ ਏਕੜ ਜ਼ਮੀਨ ’ਤੇ ਬਣਨ ਵਾਲਾ ਇਹ ਪਲਾਂਟ ਸਤੰਬਰ 2027 ਤੱਕ ਤਿਆਰ ਹੋਣ ਦੀ ਉਮੀਦ ਹੈ। ਇਸ ਪਲਾਂਟ ਰਾਹੀਂ ਹੈਬੋਵਾਲ ਡੇਅਰੀ ਕੰਪਲੈਕਸ ਤੋਂ ਰੋਜ਼ਾਨਾ ਨਿਕਲਣ ਵਾਲੇ ਕਰੀਬ 300 ਟਨ ਗੋਹੇ ਦਾ ਵਿਗਿਆਨਕ ਢੰਗ ਨਾਲ ਨਿਪਟਾਰਾ ਕੀਤਾ ਜਾਵੇਗਾ, ਜਿਸ ਨਾਲ ਗੋਹੇ ਨੂੰ ਬੁੱਢੇ ਨਾਲੇ ਅਤੇ ਸੀਵਰੇਜ ਟ੍ਰੀਟਮੈਂਟ ਪਲਾਂਟਾਂ ਵਿੱਚ ਜਾਣ ਤੋਂ ਰੋਕਿਆ ਜਾ ਸਕੇਗਾ। ਪਲਾਂਟ ਤੋਂ ਹਰ ਰੋਜ਼ ਕਰੀਬ 5 ਟਨ ਬਾਇਓਗੈਸ ਤਿਆਰ ਹੋਵੇਗੀ, ਜਿਸ ਨੂੰ CNG ਨਾਲ ਮਿਕਸ ਕਰਕੇ ਵਰਤਿਆ ਜਾਵੇਗਾ। ਇਸ ਪ੍ਰਾਜੈਕਟ ਨਾਲ ਇਲਾਕੇ ਦੇ 435 ਡੇਅਰੀ ਮਾਲਕਾਂ ਨੂੰ ਸਿੱਧਾ ਲਾਭ ਮਿਲੇਗਾ ਅਤੇ ਗੋਹੇ ਦੇ ਬਿਹਤਰ ਪ੍ਰਬੰਧਨ ਨਾਲ ਵਾਤਾਵਰਨ ’ਤੇ ਵੀ ਸਕਾਰਾਤਮਕ ਅਸਰ ਪਵੇਗਾ। ਮੁੱਖ ਮੰਤਰੀ ਨੇ ਇਸ ਮੌਕੇ ਪੰਜਾਬ ਵਿੱਚ ਵਾਤਾਵਰਨ ਸੰਭਾਲ, ਨਹਿਰੀ ਪਾਣੀ ਦੀ ਵਰਤੋਂ, ਰੁਜ਼ਗਾਰ, ਬਿਜਲੀ ਅਤੇ ਸੜਕੀ ਵਿਕਾਸ ਸਮੇਤ ਸਰਕਾਰ ਦੀਆਂ ਵੱਖ-ਵੱਖ ਉਪਲਬਧੀਆਂ ਦਾ ਵੀ ਜ਼ਿਕਰ ਕੀਤਾ।
