ਨਿਊਜ਼ ਪੰਜਾਬ
14 ਅਗਸਤ,2026
ਗੈਰ-ਕਾਨੂੰਨੀ ਢੰਗ ਨਾਲ ਵਿਦੇਸ਼ ਜਾਣ ਦੀ ਕੋਸ਼ਿਸ਼ ਕਰ ਰਹੇ ਪੰਜਾਬੀ ਨੌਜਵਾਨਾਂ ਨਾਲ ਹੋ ਰਹੇ ਅਣਮਨੁੱਖੀ ਸਲੂਕ ਦਾ ਇੱਕ ਹੋਰ ਰੂਹ ਕੰਬਾਊ ਮਾਮਲਾ ਸਾਹਮਣੇ ਆਇਆ ਹੈ। ਸੋਸ਼ਲ ਮੀਡੀਆ ’ਤੇ ਵਾਇਰਲ ਵੀਡੀਓ ਵਿੱਚ ਮੈਕਸੀਕੋ ’ਚ ਫਸਿਆ ਇੱਕ ਪੰਜਾਬੀ ਸਿੱਖ ਨੌਜਵਾਨ ਬਿਸਤਰੇ ’ਤੇ ਪਿਆ ਹੱਥ ਜੋੜ ਕੇ ਰੋਂਦਾ ਨਜ਼ਰ ਆ ਰਿਹਾ ਹੈ। ਨੌਜਵਾਨ ਨੇ ਦਾਅਵਾ ਕੀਤਾ ਕਿ ਏਜੰਟਾਂ ਨੇ ਉਸ ਨਾਲ ਬੇਰਹਿਮੀ ਨਾਲ ਕੁੱਟਮਾਰ ਕੀਤੀ, ਜਿਸ ਕਾਰਨ ਉਹ ਚੱਲਣ-ਫਿਰਨ ਤੋਂ ਵੀ ਅਸਮਰੱਥ ਹੋ ਗਿਆ ਹੈ। ਉਸ ਨੇ ਹੋਰ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਉਹ ਡੌਂਕੀ ਰੂਟ ਦਾ ਖ਼ਤਰਨਾਕ ਰਸਤਾ ਨਾ ਚੁਣਨ ਅਤੇ ਟਰੈਵਲ ਏਜੰਟਾਂ ਦੇ ਝੂਠੇ ਵਾਅਦਿਆਂ ਵਿੱਚ ਨਾ ਫਸਣ। ਦੱਸਿਆ ਜਾਂਦਾ ਹੈ ਕਿ ਡੌਂਕੀ ਰੂਟ ਰਾਹੀਂ ਵਿਦੇਸ਼ ਜਾਣ ਲਈ ਏਜੰਟ ਲੱਖਾਂ ਰੁਪਏ ਵਸੂਲਦੇ ਹਨ ਅਤੇ ਇਸ ਦੌਰਾਨ ਨੌਜਵਾਨਾਂ ਨੂੰ ਮੈਕਸੀਕੋ, ਪਨਾਮਾ ਸਮੇਤ ਕਈ ਖ਼ਤਰਨਾਕ ਇਲਾਕਿਆਂ ਵਿੱਚੋਂ ਲੰਘਣਾ ਪੈਂਦਾ ਹੈ। ਇਹ ਮਾਮਲਾ ਇੱਕ ਵਾਰ ਫਿਰ ਵਿਦੇਸ਼ ਜਾਣ ਦੀ ਲਾਲਸਾ ਵਿੱਚ ਗੈਰ-ਕਾਨੂੰਨੀ ਰਸਤੇ ਅਪਣਾਉਣ ਦੇ ਭਿਆਨਕ ਨਤੀਜਿਆਂ ਨੂੰ ਉਜਾਗਰ ਕਰਦਾ ਹੈ।
