ਲੁਧਿਆਣਾ ਦੀ ਫੈਕਟਰੀ ‘ਚ ਦਰਦਨਾਕ ਹਾਦਸਾ, ਮਸ਼ੀਨ ਦੀ ਲਪੇਟ ‘ਚ ਆਉਣ ਨਾਲ ਮਹਿਲਾ ਕਰਮਚਾਰੀ ਦੀ ਮੌਤ

ਨਿਊਜ਼ ਪੰਜਾਬ

14 ਅਗਸਤ,2026

ਲੁਧਿਆਣਾ ਦੇ ਜੁਗਿਆਣਾ ਇਲਾਕੇ ਦੇ ਕੰਗਣਵਾਲ ਰੋਡ ਸਥਿਤ ਗਰਗ ਐਕਰੀਲਿਕਸ ਵਿੱਚ ਅੱਜ ਸਵੇਰੇ ਡਿਊਟੀ ਦੌਰਾਨ ਇੱਕ ਦਰਦਨਾਕ ਹਾਦਸਾ ਵਾਪਰਿਆ। ਸਫਾਈ ਕਰ ਰਹੀ 50 ਸਾਲਾ ਮਹਿਲਾ ਕਰਮਚਾਰੀ ਸੰਜੂ ਦੇਵੀ ਦੀ ਚੁੰਨੀ ਅਚਾਨਕ ਮਸ਼ੀਨ ਦੇ ਚਲਦੇ ਹਿੱਸੇ ਵਿੱਚ ਫਸ ਗਈ, ਜਿਸ ਕਾਰਨ ਉਸ ਦਾ ਗਲਾ ਘੁੱਟ ਗਿਆ ਅਤੇ ਮੌਕੇ ‘ਤੇ ਹੀ ਮੌਤ ਹੋ ਗਈ। ਘਟਨਾ ਦੀ ਜਾਣਕਾਰੀ ਮਿਲਦਿਆਂ ਹੀ ਪਰਿਵਾਰਕ ਮੈਂਬਰ ਫੈਕਟਰੀ ਪਹੁੰਚੇ ਅਤੇ ਪ੍ਰਬੰਧਨ ‘ਤੇ ਸੁਰੱਖਿਆ ਪ੍ਰਬੰਧਾਂ ਵਿੱਚ ਲਾਪਰਵਾਹੀ ਦੇ ਦੋਸ਼ ਲਗਾਉਂਦਿਆਂ ਫੈਕਟਰੀ ਦੇ ਬਾਹਰ ਧਰਨਾ ਲਗਾ ਦਿੱਤਾ। ਪਰਿਵਾਰ ਨੇ ਕਿਹਾ ਕਿ ਜਦੋਂ ਤੱਕ ਉਨ੍ਹਾਂ ਨੂੰ ਇਨਸਾਫ਼ ਨਹੀਂ ਮਿਲਦਾ, ਉਹ ਆਪਣਾ ਵਿਰੋਧ ਜਾਰੀ ਰੱਖਣਗੇ। ਦੂਜੇ ਪਾਸੇ, ਫੈਕਟਰੀ ਮਾਲਕ ਸੰਜੀਵ ਗਰਗ ਨੇ ਕਿਹਾ ਕਿ ਉਹ ਸ਼ਹਿਰ ਤੋਂ ਬਾਹਰ ਹਨ ਅਤੇ ਉਨ੍ਹਾਂ ਨੂੰ ਘਟਨਾ ਬਾਰੇ ਪੂਰੀ ਜਾਣਕਾਰੀ ਨਹੀਂ ਹੈ। ਇਸ ਘਟਨਾ ਤੋਂ ਬਾਅਦ ਫੈਕਟਰੀ ਦੇ ਬਾਹਰ ਮਾਹੌਲ ਤਣਾਅਪੂਰਨ ਬਣਿਆ ਹੋਇਆ ਹੈ।