ਨਿਊਜ਼ ਪੰਜਾਬ
7 ਅਗਸਤ,2026
ਥਾਈਲੈਂਡ ਦੀ ਰਾਜਧਾਨੀ ਬੈਂਕਾਕ ਵਿੱਚ ਵਾਪਰੇ ਦਿਲ ਦਹਿਲਾ ਦੇਣ ਵਾਲੇ ਸਕੂਲ ਗੋਲੀਕਾਂਡ ਨੂੰ ਲੈ ਕੇ ਪੁਲਿਸ ਨੇ ਹੈਰਾਨ ਕਰਨ ਵਾਲਾ ਖੁਲਾਸਾ ਕੀਤਾ ਹੈ। ਜਾਂਚ ਅਨੁਸਾਰ ਕਥਿਤ ਹਮਲਾਵਰ ਵਿਦਿਆਰਥੀ ਨੇ ਸਕੂਲ ਜਾਣ ਤੋਂ ਪਹਿਲਾਂ ਨੋਂਥਾਬੁਰੀ ਸੂਬੇ ਵਿੱਚ ਸਥਿਤ ਆਪਣੇ ਦਾਦਾ-ਦਾਦੀ ਦੇ ਘਰ ਜਾ ਕੇ ਦੋਵਾਂ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ। ਇਸ ਤੋਂ ਬਾਅਦ ਉਹ ਡੇਬਸੀਰਿਨ ਨੋਂਥਾਬੁਰੀ ਸਕੂਲ ਪਹੁੰਚਿਆ, ਜਿੱਥੇ ਉਸ ਨੇ ਵਿਦਿਆਰਥੀਆਂ ਅਤੇ ਅਧਿਆਪਕਾਂ ‘ਤੇ ਅੰਨ੍ਹੇਵਾਹ ਗੋਲੀਬਾਰੀ ਕਰ ਦਿੱਤੀ। ਇਸ ਖੂਨੀ ਹਮਲੇ ਵਿੱਚ ਕਈ ਵਿਦਿਆਰਥੀਆਂ ਅਤੇ ਅਧਿਆਪਕਾਂ ਦੀ ਮੌਤ ਹੋ ਗਈ, ਜਦਕਿ ਕਈ ਹੋਰ ਗੰਭੀਰ ਰੂਪ ਵਿੱਚ ਜ਼ਖ਼ਮੀ ਹੋਏ। ਪੁਲਿਸ ਮੁਤਾਬਕ ਹਮਲੇ ਤੋਂ ਬਾਅਦ ਵਿਦਿਆਰਥੀ ਨੇ ਕਥਿਤ ਤੌਰ ‘ਤੇ ਖੁਦ ਨੂੰ ਵੀ ਗੋਲੀ ਮਾਰ ਲਈ, ਜਿਸ ਕਾਰਨ ਉਸ ਦੀ ਵੀ ਮੌਕੇ ‘ਤੇ ਮੌਤ ਹੋ ਗਈ। ਘਟਨਾ ਦੌਰਾਨ ਸਕੂਲ ਵਿੱਚ ਹਫੜਾ-ਦਫੜੀ ਮਚ ਗਈ ਅਤੇ ਵਿਦਿਆਰਥੀ ਆਪਣੀ ਜਾਨ ਬਚਾਉਣ ਲਈ ਇਧਰ-ਉਧਰ ਭੱਜਦੇ ਨਜ਼ਰ ਆਏ। ਐਮਰਜੈਂਸੀ ਸੇਵਾਵਾਂ ਅਤੇ ਪੁਲਿਸ ਨੇ ਤੁਰੰਤ ਮੌਕੇ ‘ਤੇ ਪਹੁੰਚ ਕੇ ਜ਼ਖ਼ਮੀਆਂ ਨੂੰ ਹਸਪਤਾਲਾਂ ਵਿੱਚ ਦਾਖ਼ਲ ਕਰਵਾਇਆ ਅਤੇ ਸਕੂਲ ਨੂੰ ਆਪਣੇ ਕਬਜ਼ੇ ਵਿੱਚ ਲੈ ਲਿਆ। ਸ਼ੁਰੂਆਤੀ ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਹਮਲੇ ਵਿੱਚ ਵਰਤਿਆ ਗਿਆ ਹਥਿਆਰ ਪਰਿਵਾਰ ਦੇ ਇੱਕ ਮੈਂਬਰ ਦਾ ਸੀ। ਫਿਲਹਾਲ ਪੁਲਿਸ ਇਸ ਗੱਲ ਦੀ ਜਾਂਚ ਕਰ ਰਹੀ ਹੈ ਕਿ ਵਿਦਿਆਰਥੀ ਨੇ ਇੰਨਾ ਭਿਆਨਕ ਕਦਮ ਕਿਉਂ ਚੁੱਕਿਆ। ਇਸ ਘਟਨਾ ਨੇ ਪੂਰੇ ਥਾਈਲੈਂਡ ਨੂੰ ਝੰਝੋੜ ਕੇ ਰੱਖ ਦਿੱਤਾ ਹੈ ਅਤੇ ਸਕੂਲਾਂ ਵਿੱਚ ਸੁਰੱਖਿਆ ਪ੍ਰਬੰਧਾਂ ਨੂੰ ਲੈ ਕੇ ਗੰਭੀਰ ਸਵਾਲ ਖੜ੍ਹੇ ਕਰ ਦਿੱਤੇ ਹਨ।
