ਕੇਂਦਰੀ ਰਾਜ ਮੰਤਰੀ ਰਵਨੀਤ ਬਿੱਟੂ ਨੇ ਦਿੱਤਾ ਅਸਤੀਫ਼ਾ, ਹੁਣ ਪੰਜਾਬ ਦੀ ਸਿਆਸਤ ‘ਤੇ ਰਹੇਗਾ ਫੋਕਸ

ਨਿਊਜ਼ ਪੰਜਾਬ

25 ਜੁਲਾਈ,2026

ਕੇਂਦਰੀ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਨੇ ਆਪਣੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਹੈ, ਜਿਸ ਨੂੰ ਰਾਸ਼ਟਰਪਤੀ ਦ੍ਰੌਪਦੀ ਮੁਰਮੂ ਨੇ ਸਵੀਕਾਰ ਕਰ ਲਿਆ ਹੈ।

ਬਿੱਟੂ ਕੇਂਦਰ ਸਰਕਾਰ ਵਿੱਚ ਪੰਜਾਬ ਤੋਂ ਭਾਜਪਾ ਦੇ ਇਕਲੌਤੇ ਰਾਜ ਮੰਤਰੀ ਸਨ ਅਤੇ ਉਨ੍ਹਾਂ ਕੋਲ ਰੇਲਵੇ ਅਤੇ ਫੂਡ ਪ੍ਰੋਸੈਸਿੰਗ ਇੰਡਸਟਰੀਜ਼ ਦੇ ਵਿਭਾਗ ਸਨ। ਉਨ੍ਹਾਂ ਦਾ ਕਹਿਣਾ ਹੈ ਕਿ ਉਹ ਪਹਿਲਾਂ ਹੀ ਅਸਤੀਫ਼ੇ ਦੀ ਇੱਛਾ ਜ਼ਾਹਿਰ ਕਰ ਚੁੱਕੇ ਸਨ ਅਤੇ ਹੁਣ ਆਪਣਾ ਪੂਰਾ ਧਿਆਨ ਪੰਜਾਬ ਦੀ ਰਾਜਨੀਤੀ ਅਤੇ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ‘ਤੇ ਕੇਂਦਰਿਤ ਕਰਨਗੇ। ਉਨ੍ਹਾਂ ਨੇ ਰਾਸ਼ਟਰਪਤੀ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਧੰਨਵਾਦ ਕਰਦਿਆਂ X (ਸਾਬਕਾ ਟਵਿੱਟਰ) ‘ਤੇ ਪੋਸਟ ਕੀਤਾ, ਲਿਖਿਆ, “ਮੈਂ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਦਿਲੋਂ ਧੰਨਵਾਦ ਕਰਦਾ ਹਾਂ ਕਿ ਉਨ੍ਹਾਂ ਨੇ ਮੈਨੂੰ ਭਾਰਤ ਸਰਕਾਰ ਵਿੱਚ ਰਾਜ ਮੰਤਰੀ ਵਜੋਂ ਦੇਸ਼ ਦੀ ਸੇਵਾ ਕਰਨ ਦਾ ਮੌਕਾ ਦਿੱਤਾ। ਭਾਰਤ ਦੇ ਲੋਕਾਂ, ਖਾਸ ਕਰਕੇ ਆਪਣੇ ਪੰਜਾਬ ਦੇ ਲੋਕਾਂ ਦੀ ਸੇਵਾ ਕਰਨਾ ਇੱਕ ਸਨਮਾਨ ਦੀ ਗੱਲ ਰਹੀ ਹੈ।” “ਮੈਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਹੇਠ ਸੇਵਾ, ਰਾਸ਼ਟਰਵਾਦ ਅਤੇ ਵਿਕਸਿਤ ਭਾਰਤ ਬਣਾਉਣ ਦੇ ਸੰਕਲਪ ਪ੍ਰਤੀ ਆਪਣੀ ਵਚਨਬੱਧਤਾ ਨੂੰ ਕਾਇਮ ਰੱਖਾਂਗਾ। ਜਨਤਕ ਸੇਵਾ ਦਾ ਮੇਰਾ ਸਫ਼ਰ ਨਵੇਂ ਸੰਕਲਪ ਅਤੇ ਸਮਰਪਣ ਨਾਲ ਜਾਰੀ ਰਹੇਗਾ।”