ਕੈਨੇਡਾ ‘ਚ ਭਿਆਨਕ ਅੱਗ ਦਾ ਕਹਿਰ, ਹਾਦਸੇ ‘ਚ ਜਗਰਾਓਂ ਦੇ ਮੇਜਰ ਸਿੰਘ ਦੀ ਮੌਤ, ਪਤਨੀ ਦੀ ਭਾਲ ਜਾਰੀ

ਨਿਊਜ਼ ਪੰਜਾਬ

16 ਜੁਲਾਈ 2026

ਕੈਨੇਡਾ ਦੇ ਐਡਮਿੰਟਨ ਸ਼ਹਿਰ ਵਿੱਚ ਤਿੰਨ ਮੰਜ਼ਿਲਾ ਰਿਹਾਇਸ਼ੀ ਇਮਾਰਤ ਵਿੱਚ ਲੱਗੀ ਭਿਆਨਕ ਅੱਗ ਨੇ ਪੰਜਾਬ ਦੇ ਜਗਰਾਓਂ ਨੇੜਲੇ ਪਿੰਡ ਆਲੀਵਾਲ ਦੇ ਇੱਕ ਪਰਿਵਾਰ ਨੂੰ ਗਹਿਰਾ ਸਦਮਾ ਦਿੱਤਾ ਹੈ। ਇਸ ਹਾਦਸੇ ਵਿੱਚ 82 ਸਾਲਾ ਮੇਜਰ ਸਿੰਘ ਦੀ ਜਾਨ ਚਲੀ ਗਈ, ਜਦਕਿ ਉਨ੍ਹਾਂ ਦੀ 80 ਸਾਲਾ ਪਤਨੀ ਸੁਰਿੰਦਰ ਕੌਰ ਅਜੇ ਵੀ ਲਾਪਤਾ ਹਨ ਅਤੇ ਉਨ੍ਹਾਂ ਦੇ ਬਚਣ ਦੀ ਸੰਭਾਵਨਾ ਬਹੁਤ ਘੱਟ ਮੰਨੀ ਜਾ ਰਹੀ ਹੈ। ਮੁੱਢਲੀ ਜਾਣਕਾਰੀ ਅਨੁਸਾਰ ਇਮਾਰਤ ਨੇੜੇ ਖੜ੍ਹੀ ਇੱਕ ਕਾਰ ਵਿੱਚ ਗੈਸ ਲੀਕ ਹੋਣ ਕਾਰਨ ਅੱਗ ਲੱਗੀ, ਜਿਸ ਨੇ ਕੁਝ ਹੀ ਸਮੇਂ ਵਿੱਚ ਪੂਰੀ ਇਮਾਰਤ ਨੂੰ ਆਪਣੀ ਲਪੇਟ ਵਿੱਚ ਲੈ ਲਿਆ। ਜਾਨ ਬਚਾਉਣ ਲਈ ਮੇਜਰ ਸਿੰਘ ਨੇ ਤੀਜੀ ਮੰਜ਼ਿਲ ਤੋਂ ਛਾਲ ਮਾਰੀ, ਪਰ ਹੇਠਾਂ ਡਿੱਗਣ ਕਾਰਨ ਉਨ੍ਹਾਂ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਬਚਾਅ ਟੀਮਾਂ ਵੱਲੋਂ ਸੁਰਿੰਦਰ ਕੌਰ ਦੀ ਲਗਾਤਾਰ ਭਾਲ ਕੀਤੀ ਜਾ ਰਹੀ ਹੈ, ਜਦਕਿ ਸਥਾਨਕ ਪ੍ਰਸ਼ਾਸਨ ਨੇ ਹਾਦਸੇ ਦੇ ਕਾਰਨਾਂ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਇਸ ਦਰਦਨਾਕ ਘਟਨਾ ਨਾਲ ਪਰਿਵਾਰ, ਪਿੰਡ ਆਲੀਵਾਲ ਅਤੇ ਕੈਨੇਡਾ ਵਿੱਚ ਵੱਸਦੇ ਪੰਜਾਬੀ ਭਾਈਚਾਰੇ ਵਿੱਚ ਡੂੰਘੇ ਸੋਗ ਦੀ ਲਹਿਰ ਹੈ।