ਲੁਧਿਆਣਾ ‘ਚ ਦਿਲ ਦਹਿਲਾ ਦੇਣ ਵਾਲਾ ਹਾਦਸਾ, ਸਕੂਲ ਵੈਨ ਹੇਠਾਂ ਆਉਣ ਨਾਲ ਢਾਈ ਸਾਲਾ ਮਾਸੂਮ ਦੀ ਮੌਤ; ਡਰਾਈਵਰ ਹਿਰਾਸਤ ‘ਚ

ਨਿਊਜ਼ ਪੰਜਾਬ

15 ਜੁਲਾਈ,2026

ਲੁਧਿਆਣਾ ਦੇ ਕੋਹਾੜਾ ਇਲਾਕੇ ਦੇ ਪਿੰਡ ਸ਼ਾਲੂ (ਬੇਨੀ) ਵਿੱਚ ਵਾਪਰੇ ਇੱਕ ਦਰਦਨਾਕ ਸੜਕ ਹਾਦਸੇ ਨੇ ਪੂਰੇ ਇਲਾਕੇ ਨੂੰ ਗਮਗੀਨ ਕਰ ਦਿੱਤਾ। ਢਾਈ ਸਾਲਾ ਸਮਰਦੀਪ ਆਪਣੀ ਮਾਂ ਨਾਲ ਵੱਡੀ ਭੈਣ ਨੂੰ ਸਕੂਲ ਵੈਨ ਵਿੱਚ ਬਿਠਾਉਣ ਲਈ ਘਰ ਦੇ ਬਾਹਰ ਆਇਆ ਸੀ, ਜਦੋਂ ਤੇਜ਼ ਰਫ਼ਤਾਰ ਵੈਨ ਦੀ ਲਪੇਟ ਵਿੱਚ ਆਉਣ ਕਾਰਨ ਉਸ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਪ੍ਰਤੱਖ ਦਰਸ਼ੀਆਂ ਦੇ ਮੁਤਾਬਕ ਵੈਨ ਦੇ ਅੱਗੇ ਅਤੇ ਪਿੱਛੇ ਦੋਵੇਂ ਟਾਇਰ ਬੱਚੇ ਦੇ ਉੱਪਰੋਂ ਲੰਘ ਗਏ। ਸਥਾਨਕ ਲੋਕਾਂ ਨੇ ਦੋਸ਼ ਲਗਾਇਆ ਕਿ ਹਾਦਸੇ ਤੋਂ ਬਾਅਦ ਡਰਾਈਵਰ ਵਾਹਨ ਰੋਕਣ ਦੀ ਬਜਾਏ ਫ਼ਰਾਰ ਹੋਣ ਲੱਗਾ, ਜਿਸ ਦਾ ਪਿੱਛਾ ਕਰਕੇ ਪਿੰਡ ਵਾਸੀਆਂ ਨੇ ਉਸ ਨੂੰ ਕਾਬੂ ਕਰਕੇ ਪੁਲਿਸ ਹਵਾਲੇ ਕਰ ਦਿੱਤਾ। ਪਿੰਡ ਵਾਸੀਆਂ ਦਾ ਇਹ ਵੀ ਦਾਅਵਾ ਹੈ ਕਿ ਚਾਲਕ ਕੋਲ ਵੈਧ ਡਰਾਈਵਿੰਗ ਲਾਇਸੈਂਸ ਨਹੀਂ ਸੀ, ਜਿਸ ਦੀ ਪੁਲਿਸ ਜਾਂਚ ਕਰ ਰਹੀ ਹੈ। ਇਸ ਦੁਖਦਾਈ ਘਟਨਾ ਤੋਂ ਬਾਅਦ ਪੀੜਤ ਪਰਿਵਾਰ ਦਾ ਰੋ-ਰੋ ਕੇ ਬੁਰਾ ਹਾਲ ਹੈ, ਜਦਕਿ ਪਿੰਡ ਵਾਸੀਆਂ ਨੇ ਸਕੂਲ ਪ੍ਰਬੰਧਨ ਅਤੇ ਵੈਨ ਚਾਲਕ ਖ਼ਿਲਾਫ਼ ਸਖ਼ਤ ਕਾਰਵਾਈ ਦੀ ਮੰਗ ਕੀਤੀ ਹੈ। ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ਅਤੇ ਜਾਂਚ ਪੂਰੀ ਹੋਣ ਤੋਂ ਬਾਅਦ ਕਾਨੂੰਨੀ ਕਾਰਵਾਈ ਕਰਨ ਦੀ ਗੱਲ ਕਹੀ ਹੈ।