ਇੰਗਲੈਂਡ ‘ਚ ਤਰਨਤਾਰਨ ਦੀ ਧੀ ਦਾ ਬੇਰਹਿਮ ਕਤਲ, ਪਰਿਵਾਰ ‘ਤੇ ਟੁੱਟਿਆ ਦੁੱਖਾਂ ਦਾ ਪਹਾੜ

ਨਿਊਜ਼ ਪੰਜਾਬ

14 ਜੁਲਾਈ,2026

ਤਰਨਤਾਰਨ ਦੇ ਪਿੰਡ ਪਿੱਦੀ ਦੀ 24 ਸਾਲਾ ਕਿਰਨਦੀਪ ਕੌਰ ਦਾ ਇੰਗਲੈਂਡ ਦੇ ਹੇਅਸ ਕਸਬੇ ਵਿੱਚ ਚਾਕੂ ਮਾਰ ਕੇ ਕਤਲ ਹੋ ਜਾਣ ਦੀ ਘਟਨਾ ਨੇ ਪੰਜਾਬ ਹੀ ਨਹੀਂ, ਸਗੋਂ ਵਿਦੇਸ਼ਾਂ ਵਿੱਚ ਵੱਸਦੇ ਪੰਜਾਬੀ ਭਾਈਚਾਰੇ ਨੂੰ ਵੀ ਝੰਝੋੜ ਕੇ ਰੱਖ ਦਿੱਤਾ ਹੈ। ਸਟੱਡੀ ਵੀਜ਼ੇ ‘ਤੇ ਉੱਚ ਸਿੱਖਿਆ ਲਈ ਇੰਗਲੈਂਡ ਗਈ ਕਿਰਨਦੀਪ ਨੇ ਪੜ੍ਹਾਈ ਪੂਰੀ ਕਰਨ ਤੋਂ ਬਾਅਦ ਨੌਕਰੀ ਸ਼ੁਰੂ ਕੀਤੀ ਸੀ ਅਤੇ ਆਪਣੇ ਪਰਿਵਾਰ ਦੇ ਸੁਪਨੇ ਸਾਕਾਰ ਕਰਨ ਲਈ ਮਿਹਨਤ ਕਰ ਰਹੀ ਸੀ। ਸ਼ਨੀਵਾਰ ਸਵੇਰੇ ਪਰਿਵਾਰ ਨਾਲ ਵੀਡੀਓ ਕਾਲ ‘ਤੇ ਗੱਲ ਕਰਨ ਵਾਲੀ ਕਿਰਨਦੀਪ ਦੀ ਸ਼ਾਮ ਨੂੰ ਬੇਰਹਿਮੀ ਨਾਲ ਹੱਤਿਆ ਕਰ ਦਿੱਤੀ ਗਈ। ਇਸ ਦੁਖਦਾਈ ਘਟਨਾ ਤੋਂ ਬਾਅਦ ਪਰਿਵਾਰ ਗਹਿਰੇ ਸਦਮੇ ਵਿੱਚ ਹੈ ਅਤੇ ਪੰਜਾਬ ਸਰਕਾਰ ਕੋਲ ਮ੍ਰਿਤਕ ਦੇਹ ਨੂੰ ਵਤਨ ਲਿਆਉਣ ਲਈ ਮਦਦ ਦੀ ਅਪੀਲ ਕੀਤੀ ਗਈ ਹੈ। ਉੱਥੇ ਹੀ ਇੰਗਲੈਂਡ ਪੁਲਿਸ ਵੱਲੋਂ ਮਾਮਲੇ ਦੀ ਜਾਂਚ ਜਾਰੀ ਹੈ, ਜਦਕਿ ਪਰਿਵਾਰ ਨੇ ਇਸ ਘਟਨਾ ਦੇ ਹਰ ਪੱਖ, ਖ਼ਾਸ ਕਰਕੇ ਨਸਲੀ ਹਮਲੇ ਦੀ ਸੰਭਾਵਨਾ, ਦੀ ਨਿਰਪੱਖ ਜਾਂਚ ਦੀ ਮੰਗ ਕੀਤੀ ਹੈ।