ਨਿਊਜ਼ ਪੰਜਾਬ
5 ਜੁਲਾਈ,2026
ਖਾਲਸਾ ਕਾਲਜ, ਅੰਮ੍ਰਿਤਸਰ ਦੇ ਵਿਦਿਆਰਥੀਆਂ ਵਿੱਚ “ਨਾਨਜੀ” ਦੇ ਨਾਂ ਨਾਲ ਮਸ਼ਹੂਰ ਨਿਰੰਜਣ ਸਿੰਘ ਦਾ ਸ਼ਨੀਵਾਰ ਸ਼ਾਮ ਕਰੀਬ 83 ਸਾਲ ਦੀ ਉਮਰ ਵਿੱਚ ਦੇਹਾਂਤ ਹੋ ਗਿਆ। ਪੰਜ ਦਹਾਕਿਆਂ ਤੋਂ ਵੱਧ ਸਮੇਂ ਤੱਕ ਉਨ੍ਹਾਂ ਨੇ ਕਾਲਜ ਦੇ ਮੁੱਖ ਗੇਟ ਸਾਹਮਣੇ ਸਥਿਤ ਆਪਣੇ ਪ੍ਰਸਿੱਧ “ਨਿਰੰਜਨ ਟੀ ਸਟਾਲ” ਰਾਹੀਂ ਹਜ਼ਾਰਾਂ ਵਿਦਿਆਰਥੀਆਂ, ਅਧਿਆਪਕਾਂ ਅਤੇ ਸੈਲਾਨੀਆਂ ਦੀ ਸੇਵਾ ਕੀਤੀ। ਚਾਹ, ਸਮੋਸੇ ਅਤੇ ਆਮਲੇਟ ਲਈ ਮਸ਼ਹੂਰ ਇਹ ਸਟਾਲ ਸਿਰਫ਼ ਇੱਕ ਚਾਹ ਦੀ ਦੁਕਾਨ ਨਹੀਂ, ਸਗੋਂ ਵਿਦਿਆਰਥੀਆਂ ਦੀਆਂ ਅਣਗਿਣਤ ਯਾਦਾਂ ਦਾ ਕੇਂਦਰ ਬਣ ਚੁੱਕਾ ਸੀ। ਵਧਦੀ ਉਮਰ ਦੇ ਬਾਵਜੂਦ ਨਿਰੰਜਣ ਸਿੰਘ ਆਪਣੇ ਆਖਰੀ ਦਿਨਾਂ ਤੱਕ ਪੂਰੀ ਲਗਨ ਨਾਲ ਕੰਮ ਕਰਦੇ ਰਹੇ। ਉਨ੍ਹਾਂ ਦਾ ਵਿਦਿਆਰਥੀਆਂ ਨਾਲ ਰਿਸ਼ਤਾ ਇੱਕ ਪਰਿਵਾਰਕ ਮੈਂਬਰ ਵਰਗਾ ਸੀ ਅਤੇ ਉਹ ਅਕਸਰ ਨੌਜਵਾਨਾਂ ਨੂੰ ਹੌਸਲਾ, ਸਲਾਹ ਅਤੇ ਪਿਆਰ ਵੀ ਦਿੰਦੇ ਸਨ। ਉਨ੍ਹਾਂ ਦੇ ਦੇਹਾਂਤ ਦੀ ਖ਼ਬਰ ਸਾਹਮਣੇ ਆਉਣ ਤੋਂ ਬਾਅਦ ਦੇਸ਼ ਅਤੇ ਵਿਦੇਸ਼ ਵਿੱਚ ਵੱਸਦੇ ਖਾਲਸਾ ਕਾਲਜ ਦੇ ਸਾਬਕਾ ਵਿਦਿਆਰਥੀਆਂ ਨੇ ਸੋਸ਼ਲ ਮੀਡੀਆ ਰਾਹੀਂ ਭਾਵੁਕ ਸ਼ਰਧਾਂਜਲੀਆਂ ਭੇਟ ਕਰਦਿਆਂ ਉਨ੍ਹਾਂ ਨੂੰ ਕਾਲਜ ਦੀ ਪਛਾਣ ਦਾ ਅਟੁੱਟ ਹਿੱਸਾ ਕਰਾਰ ਦਿੱਤਾ।
