ਵੱਡੀ ਰਾਹਤ! ਪੈਟਰੋਲ 5 ਰੁਪਏ ਤੇ ਡੀਜ਼ਲ 3 ਰੁਪਏ ਪ੍ਰਤੀ ਲੀਟਰ ਸਸਤਾ, 1 ਜੁਲਾਈ ਤੋਂ ਨਵੀਆਂ ਦਰਾਂ ਲਾਗੂ

ਨਿਊਜ਼ ਪੰਜਾਬ

1 ਜੁਲਾਈ,2026

ਦੇਸ਼ ਭਰ ਦੇ ਵਾਹਨ ਚਾਲਕਾਂ ਲਈ 1 ਜੁਲਾਈ ਤੋਂ ਵੱਡੀ ਰਾਹਤ ਦੀ ਖ਼ਬਰ ਸਾਹਮਣੇ ਆਈ ਹੈ। ਨਿੱਜੀ ਖੇਤਰ ਦੀ ਪ੍ਰਮੁੱਖ ਬਾਲਣ ਕੰਪਨੀ ਨਾਯਰਾ ਐਨਰਜੀ ਨੇ ਆਪਣੇ ਪੈਟਰੋਲ ਪੰਪਾਂ ‘ਤੇ ਪੈਟਰੋਲ ਦੀ ਕੀਮਤ ਵਿੱਚ 5 ਰੁਪਏ ਪ੍ਰਤੀ ਲੀਟਰ ਅਤੇ ਡੀਜ਼ਲ ਦੀ ਕੀਮਤ ਵਿੱਚ 3 ਰੁਪਏ ਪ੍ਰਤੀ ਲੀਟਰ ਦੀ ਕਟੌਤੀ ਕਰਨ ਦਾ ਐਲਾਨ ਕੀਤਾ ਹੈ। ਨਵੀਆਂ ਕੀਮਤਾਂ ਬੁੱਧਵਾਰ ਤੋਂ ਦੇਸ਼ ਭਰ ਵਿੱਚ ਕੰਪਨੀ ਦੇ 7,000 ਤੋਂ ਵੱਧ ਪੈਟਰੋਲ ਪੰਪਾਂ ‘ਤੇ ਲਾਗੂ ਹੋ ਗਈਆਂ ਹਨ। ਦੋ ਸਾਲਾਂ ਤੋਂ ਵੱਧ ਸਮੇਂ ਬਾਅਦ ਪਹਿਲੀ ਵਾਰ ਕਿਸੇ ਬਾਲਣ ਕੰਪਨੀ ਨੇ ਪ੍ਰਚੂਨ ਪੱਧਰ ‘ਤੇ ਇੰਨੀ ਵੱਡੀ ਕਟੌਤੀ ਕੀਤੀ ਹੈ, ਜਿਸ ਨਾਲ ਆਮ ਲੋਕਾਂ, ਟਰਾਂਸਪੋਰਟ ਸੈਕਟਰ ਅਤੇ ਵਪਾਰਕ ਗਤੀਵਿਧੀਆਂ ਨੂੰ ਕੁਝ ਰਾਹਤ ਮਿਲਣ ਦੀ ਉਮੀਦ ਹੈ। ਜਾਣਕਾਰੀ ਮੁਤਾਬਕ ਮੱਧ ਪੂਰਬ ਵਿੱਚ ਤਣਾਅ ਘਟਣ, ਜੰਗਬੰਦੀ ਅਤੇ ਹੋਰਮੁਜ਼ ਜਲਡਮਰੂ ਰਾਹੀਂ ਕੱਚੇ ਤੇਲ ਦੀ ਸਪਲਾਈ ਮੁੜ ਸੁਚਾਰੂ ਹੋਣ ਕਾਰਨ ਅੰਤਰਰਾਸ਼ਟਰੀ ਬਾਜ਼ਾਰ ਵਿੱਚ ਕੱਚੇ ਤੇਲ ਦੀਆਂ ਕੀਮਤਾਂ ਵਿੱਚ ਗਿਰਾਵਟ ਦਰਜ ਕੀਤੀ ਗਈ ਹੈ, ਜਿਸ ਦਾ ਸਿੱਧਾ ਅਸਰ ਬਾਲਣ ਦੀਆਂ ਕੀਮਤਾਂ ‘ਤੇ ਪਿਆ ਹੈ। ਹਾਲਾਂਕਿ ਵੱਖ-ਵੱਖ ਰਾਜਾਂ ਵਿੱਚ ਵੈਟ ਅਤੇ ਹੋਰ ਸਥਾਨਕ ਟੈਕਸਾਂ ਕਾਰਨ ਅੰਤਿਮ ਪ੍ਰਚੂਨ ਕੀਮਤਾਂ ਵਿੱਚ ਕੁਝ ਫਰਕ ਹੋ ਸਕਦਾ ਹੈ। ਮੰਨਿਆ ਜਾ ਰਿਹਾ ਹੈ ਕਿ ਜੇਕਰ ਵਿਸ਼ਵ ਬਾਜ਼ਾਰ ਵਿੱਚ ਕੱਚੇ ਤੇਲ ਦੀਆਂ ਕੀਮਤਾਂ ਇਸੇ ਤਰ੍ਹਾਂ ਕਾਬੂ ਵਿੱਚ ਰਹਿੰਦੀਆਂ ਹਨ ਤਾਂ ਆਉਣ ਵਾਲੇ ਸਮੇਂ ਵਿੱਚ ਹੋਰ ਵੀ ਰਾਹਤ ਮਿਲ ਸਕਦੀ ਹੈ।