2.46 ਕਰੋੜ ਦੇ ਕਥਿਤ ਗਬਨ ਮਾਮਲੇ ‘ਚ ਸਾਬਕਾ ਸਰਪੰਚ ਸਮੇਤ 5 ਅਧਿਕਾਰੀਆਂ ਖ਼ਿਲਾਫ਼ ਵਿਜੀਲੈਂਸ ਦੀ ਵੱਡੀ ਕਾਰਵਾਈ

ਨਿਊਜ਼ ਪੰਜਾਬ

11 ਜੂਨ 2026

ਪਿੰਡ ਬਾਲਦ ਕਲਾਂ ਵਿੱਚ ਵਿਕਾਸ ਕਾਰਜਾਂ, ਪੰਚਾਇਤੀ ਸ਼ਾਮਲਾਤ ਜ਼ਮੀਨ ਦੀ ਬੋਲੀ ਦੀ ਰਕਮ, ਸਰਕਾਰੀ ਗ੍ਰਾਂਟਾਂ ਅਤੇ ਬੋਰਾਂ ਦੇ ਕੰਮਾਂ ਵਿੱਚ ਕਰੀਬ 2 ਕਰੋੜ 46 ਲੱਖ ਰੁਪਏ ਦੇ ਕਥਿਤ ਗਬਨ ਦੇ ਮਾਮਲੇ ਵਿੱਚ ਵਿਜੀਲੈਂਸ ਬਿਊਰੋ ਪਟਿਆਲਾ ਰੇਂਜ ਨੇ ਵੱਡੀ ਕਾਰਵਾਈ ਕਰਦਿਆਂ ਸਾਬਕਾ ਸਰਪੰਚ ਗੁਰਦੇਵ ਸਿੰਘ ਸਮੇਤ ਦੋ ਵੀ.ਡੀ.ਓਜ਼ ਅਤੇ ਦੋ ਪੰਚਾਇਤ ਸਕੱਤਰਾਂ ਖ਼ਿਲਾਫ਼ ਕੇਸ ਦਰਜ ਕੀਤਾ ਹੈ।

ਇਹ ਕਾਰਵਾਈ ਪਿੰਡ ਵਾਸੀਆਂ ਬੂਟਾ ਸਿੰਘ ਅਤੇ ਜਗਸੀਰ ਸਿੰਘ ਵੱਲੋਂ ਕੀਤੀ ਗਈ ਸ਼ਿਕਾਇਤ ਤੋਂ ਬਾਅਦ ਹੋਈ, ਜਿਸ ਦੀ ਵਿਭਾਗੀ ਜਾਂਚ ਦੌਰਾਨ ਸਾਹਮਣੇ ਆਇਆ ਕਿ ਸਾਲ 2019 ਤੋਂ 2023 ਤੱਕ ਦੇ ਕਾਰਜਕਾਲ ਦੌਰਾਨ ਪਿੰਡ ਦੇ ਵਿਕਾਸ ਕੰਮਾਂ ਅਤੇ ਹੋਰ ਵਿੱਤੀ ਲੈਣ-ਦੇਣ ਵਿੱਚ ਕਥਿਤ ਤੌਰ ‘ਤੇ ਵੱਡੀਆਂ ਬੇਨਿਯਮੀਆਂ ਕੀਤੀਆਂ ਗਈਆਂ। ਜਾਂਚ ਵਿੱਚ ਇਹ ਵੀ ਸਾਹਮਣੇ ਆਇਆ ਕਿ ਪੰਚਾਇਤੀ ਜ਼ਮੀਨ ਦੀ ਬੋਲੀ ਦੀ ਰਕਮ ਅਤੇ ਸਰਕਾਰੀ ਗ੍ਰਾਂਟਾਂ ਨੂੰ ਕੈਸ਼ ਬੁੱਕ ਵਿੱਚ ਘੱਟ ਦਰਸਾ ਕੇ ਅਤੇ ਬੋਰਾਂ ਦੇ ਕੰਮਾਂ ਨਾਲ ਜੁੜੇ ਭੁਗਤਾਨਾਂ ਵਿੱਚ ਗੜਬੜ ਕਰਕੇ ਸਰਕਾਰੀ ਖ਼ਜ਼ਾਨੇ ਨੂੰ ਵੱਡਾ ਨੁਕਸਾਨ ਪਹੁੰਚਾਇਆ ਗਿਆ। ਵਿਜੀਲੈਂਸ ਬਿਊਰੋ ਨੇ ਸਾਬਕਾ ਸਰਪੰਚ ਗੁਰਦੇਵ ਸਿੰਘ, ਵੀ.ਡੀ.ਓ ਮਨਜੀਤ ਸਿੰਘ ਅਤੇ ਕੁਲਵਿੰਦਰ ਸਿੰਘ, ਪੰਚਾਇਤ ਸਕੱਤਰ ਕੁਲਦੀਪ ਸਿੰਘ ਅਤੇ ਧਰਮ ਸਿੰਘ ਖ਼ਿਲਾਫ਼ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਵਿਜੀਲੈਂਸ ਅਧਿਕਾਰੀਆਂ ਮੁਤਾਬਕ ਮਾਮਲੇ ਦੀ ਗਹਿਰਾਈ ਨਾਲ ਪੜਤਾਲ ਕੀਤੀ ਜਾ ਰਹੀ ਹੈ ਅਤੇ ਜਾਂਚ ਦੌਰਾਨ ਸਾਹਮਣੇ ਆਉਣ ਵਾਲੇ ਤੱਥਾਂ ਦੇ ਆਧਾਰ ‘ਤੇ ਅਗਲੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।