ਨਿਊਜ਼ ਪੰਜਾਬ
5 ਜੂਨ 2026
ਮੋਗਾ ਦੇ ਧਰਮਕੋਟ ਵਿੱਚ ਸੱਸ ਅਤੇ ਨੂੰਹ ਵਿਚਕਾਰ ਹੋਏ ਝਗੜੇ ਦੀ ਵਾਇਰਲ ਵੀਡੀਓ ਤੋਂ ਬਾਅਦ ਮਾਮਲਾ ਹੁਣ ਪੰਜਾਬ ਰਾਜ ਮਹਿਲਾ ਕਮਿਸ਼ਨ ਤੱਕ ਪਹੁੰਚ ਗਿਆ ਹੈ। ਸੋਸ਼ਲ ਮੀਡੀਆ ‘ਤੇ ਫੈਲੀ ਵੀਡੀਓ ਵਿੱਚ ਦੋਵੇਂ ਔਰਤਾਂ ਇੱਕ-ਦੂਜੇ ਨਾਲ ਕੁੱਟਮਾਰ ਕਰਦੀਆਂ ਅਤੇ ਵਾਲ ਖਿੱਚਦੀਆਂ ਨਜ਼ਰ ਆ ਰਹੀਆਂ ਹਨ, ਜਿਸ ਕਾਰਨ ਇਹ ਘਟਨਾ ਚਰਚਾ ਦਾ ਵਿਸ਼ਾ ਬਣ ਗਈ।
ਵੀਡੀਓ ਦਾ ਨੋਟਿਸ ਲੈਂਦਿਆਂ ਪੰਜਾਬ ਰਾਜ ਮਹਿਲਾ ਕਮਿਸ਼ਨ ਨੇ ਮਾਮਲੇ ਦੀ ਸੁਓ ਮੋਟੋ ਜਾਂਚ ਸ਼ੁਰੂ ਕਰ ਦਿੱਤੀ ਹੈ ਅਤੇ 8 ਜੂਨ ਤੱਕ ਮੋਗਾ ਦੇ ਐਸਐਸਪੀ ਤੋਂ ਵਿਸਥਾਰਤ ਰਿਪੋਰਟ ਮੰਗੀ ਹੈ। ਕਮਿਸ਼ਨ ਨੇ ਪੁਲਿਸ ਨੂੰ ਪੂਰੀ ਜਾਂਚ ਕਰਕੇ ਆਪਣੀ ਰਿਪੋਰਟ ਪੇਸ਼ ਕਰਨ ਦੇ ਨਿਰਦੇਸ਼ ਦਿੱਤੇ ਹਨ।
ਧਰਮਕੋਟ ਥਾਣੇ ਦੇ ਮੁਖੀ ਲਕਸ਼ਮਣ ਸਿੰਘ ਦੇ ਅਨੁਸਾਰ, ਦੋਵੇਂ ਧਿਰਾਂ ਨੂੰ ਜਾਂਚ ਲਈ ਥਾਣੇ ਬੁਲਾਇਆ ਗਿਆ ਸੀ, ਪਰ ਨੂੰਹ ਕਰਮਵੀਰ ਕੌਰ ਪੇਸ਼ ਨਹੀਂ ਹੋਈ। ਪੁਲਿਸ ਵੱਲੋਂ ਉਸ ਨੂੰ ਕਈ ਨੋਟਿਸ ਵੀ ਭੇਜੇ ਗਏ ਹਨ। ਉਨ੍ਹਾਂ ਦੱਸਿਆ ਕਿ ਇਹ ਪਰਿਵਾਰਕ ਝਗੜਾ ਹੈ ਅਤੇ ਇਸ ਮਾਮਲੇ ਵਿੱਚ ਪਹਿਲਾਂ ਵੀ ਦੋ ਵਾਰ ਸਮਝੌਤਾ ਹੋ ਚੁੱਕਾ ਹੈ, ਪਰ ਵੀਡੀਓ ਸਾਹਮਣੇ ਆਉਣ ਤੋਂ ਬਾਅਦ ਦੁਬਾਰਾ ਜਾਂਚ ਸ਼ੁਰੂ ਕੀਤੀ ਗਈ ਹੈ।
ਜਾਣਕਾਰੀ ਮੁਤਾਬਕ 1 ਜੂਨ ਨੂੰ ਸੱਸ ਬਲਵਿੰਦਰ ਕੌਰ ਅਤੇ ਨੂੰਹ ਕਰਮਜੀਤ ਕੌਰ ਵਿਚਕਾਰ ਬੱਚੀ ਨੂੰ ਲੈ ਕੇ ਤਕਰਾਰ ਹੋਈ ਸੀ। ਵੀਡੀਓ ਵਿੱਚ ਨੂੰਹ ਸੱਸ ਕੋਲੋਂ ਬੱਚੀ ਨੂੰ ਖੋਹਣ ਦੀ ਕੋਸ਼ਿਸ਼ ਕਰਦੀ ਨਜ਼ਰ ਆ ਰਹੀ ਹੈ, ਜਿਸ ਦੌਰਾਨ ਦੋਵਾਂ ਵਿਚਕਾਰ ਤਿੱਖਾ ਝਗੜਾ ਹੋ ਗਿਆ। ਗੱਲ ਇੱਥੋਂ ਤੱਕ ਵਧ ਗਈ ਕਿ ਦੋਵੇਂ ਇੱਕ-ਦੂਜੇ ਦੇ ਵਾਲ ਖਿੱਚਦੀਆਂ ਹੋਈਆਂ ਵਿਹੜੇ ਵਿੱਚ ਆ ਗਈਆਂ ਅਤੇ ਗੁੱਥਮ-ਗੁੱਥਾ ਹੋ ਕੇ ਕੁੱਟਮਾਰ ਕਰਨ ਲੱਗ ਪਈਆਂ। ਹੁਣ ਇਸ ਮਾਮਲੇ ਦੀ ਸੱਚਾਈ ਅਤੇ ਹਾਲਾਤਾਂ ਦੀ ਜਾਂਚ ਪੁਲਿਸ ਅਤੇ ਮਹਿਲਾ ਕਮਿਸ਼ਨ ਵੱਲੋਂ ਕੀਤੀ ਜਾ ਰਹੀ ਹੈ।
