ਸੁਨੰਦਾ ਸ਼ਰਮਾ ਦੇ ਗਾਣੇ ‘ਜੋਗੀ’ ‘ਤੇ ਵਿਵਾਦ, ਯੂਟਿਊਬ ਤੋਂ ਹਟਾਇਆ ਗਿਆ ਗੀਤ

ਨਿਊਜ਼ ਪੰਜਾਬ

28 ਮਈ 2026

ਪੰਜਾਬੀ ਗਾਇਕਾ Sunanda Sharma ਇੱਕ ਵਾਰ ਫਿਰ ਚਰਚਾ ਵਿੱਚ ਹੈ, ਪਰ ਇਸ ਵਾਰ ਕਾਰਨ ਉਨ੍ਹਾਂ ਦਾ ਨਵਾਂ ਗਾਣਾ ‘ਜੋਗੀ’ ਬਣਿਆ ਹੈ। ਹਾਲ ਹੀ ਵਿੱਚ ਰਿਲੀਜ਼ ਹੋਇਆ ਇਹ ਗੀਤ ਕਾਪੀਰਾਈਟ ਅਤੇ ਫਰਜ਼ੀ ਦਸਤਾਵੇਜ਼ਾਂ ਦੇ ਵਿਵਾਦ ਕਾਰਨ ਯੂਟਿਊਬ ਤੋਂ ਹਟਾ ਦਿੱਤਾ ਗਿਆ ਹੈ, ਜਿਸ ਨਾਲ ਗਾਇਕਾ ਅਤੇ ਉਨ੍ਹਾਂ ਦੀ ਟੀਮ ਨੂੰ ਵੱਡਾ ਝਟਕਾ ਲੱਗਾ ਹੈ।

ਸੁਨੰਦਾ ਸ਼ਰਮਾ ਨੇ ਸੋਸ਼ਲ ਮੀਡੀਆ ਰਾਹੀਂ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ 26 ਮਈ ਤੋਂ ਯੂਟਿਊਬ ਨੇ ਗਾਣੇ ਨੂੰ ਅਸਥਾਈ ਤੌਰ ‘ਤੇ ਹੋਲਡ ‘ਤੇ ਰੱਖਿਆ ਹੈ। ਉਨ੍ਹਾਂ ਦੇ ਮੁਤਾਬਕ ਇਹ ਕਾਰਵਾਈ ਕੁਝ ਫਰਜ਼ੀ ਦਸਤਾਵੇਜ਼ਾਂ ਦੇ ਆਧਾਰ ‘ਤੇ ਕੀਤੀ ਗਈ। ਗਾਇਕਾ ਨੇ ਕਿਹਾ ਕਿ ਅੱਜਕੱਲ੍ਹ ਇੰਡਸਟਰੀ ਵਿੱਚ ਹਰ ਕੰਮ ਕਾਗਜ਼ੀ ਕਾਰਵਾਈ ਅਤੇ ਕਾਨੂੰਨੀ ਸਮਝੌਤਿਆਂ ਨਾਲ ਕਰਨਾ ਬਹੁਤ ਜ਼ਰੂਰੀ ਹੋ ਗਿਆ ਹੈ ਤਾਂ ਜੋ ਭਵਿੱਖ ਵਿੱਚ ਕਿਸੇ ਤਰ੍ਹਾਂ ਦੀ ਰੁਕਾਵਟ ਨਾ ਆਵੇ।

ਸੁਨੰਦਾ ਨੇ ਦੱਸਿਆ ਕਿ ‘ਜੋਗੀ’ ਗਾਣਾ ਪੂਰੇ ਐਗਰੀਮੈਂਟ ਅਤੇ ਕਾਨੂੰਨੀ ਪ੍ਰਕਿਰਿਆ ਨਾਲ ਰਿਲੀਜ਼ ਕੀਤਾ ਗਿਆ ਸੀ। ਉਨ੍ਹਾਂ ਦੇ ਅਨੁਸਾਰ ਗੀਤ ਦੇ ਲੇਖਕ ‘ਰਾਜਾ’ ਦੇ ਪੁਰਾਣੇ ਪ੍ਰਮੋਟਰਾਂ ਨੇ ਨਕਲੀ ਕਾਗਜ਼ਾਂ ਦੀ ਵਰਤੋਂ ਕਰਕੇ ਯੂਟਿਊਬ ‘ਤੇ ਸ਼ਿਕਾਇਤ ਦਰਜ ਕਰਵਾਈ, ਜਿਸ ਕਾਰਨ ਗਾਣਾ ਪਲੇਟਫਾਰਮ ਤੋਂ ਹਟਾ ਦਿੱਤਾ ਗਿਆ।

ਗਾਇਕਾ ਨੇ ਆਪਣੇ ਪ੍ਰਸ਼ੰਸਕਾਂ ਨੂੰ ਭਰੋਸਾ ਦਿਵਾਇਆ ਕਿ ਕਾਨੂੰਨੀ ਕਾਰਵਾਈ ਪੂਰੀ ਹੋਣ ਤੋਂ ਬਾਅਦ ‘ਜੋਗੀ’ ਜਲਦ ਹੀ ਮੁੜ ਯੂਟਿਊਬ ‘ਤੇ ਉਪਲਬਧ ਹੋਵੇਗਾ। ਉਨ੍ਹਾਂ ਕਿਹਾ ਕਿ ਇਸ ਤਰ੍ਹਾਂ ਦੀਆਂ ਘਟਨਾਵਾਂ ਨਾਲ ਸਿਰਫ਼ ਕਲਾਕਾਰ ਹੀ ਨਹੀਂ, ਸਗੋਂ ਪੂਰੀ ਟੀਮ ਦਾ ਮਨੋਬਲ ਪ੍ਰਭਾਵਿਤ ਹੁੰਦਾ ਹੈ। ਖ਼ਾਸ ਕਰਕੇ ਗਾਣੇ ਦੇ ਲੇਖਕ ਰਾਜਾ ਇਸ ਮਾਮਲੇ ਕਾਰਨ ਕਾਫ਼ੀ ਨਿਰਾਸ਼ ਹੋਏ ਹਨ।