ਨਿਊਜ਼ ਪੰਜਾਬ
24 ਮਈ 2026
ਹਰਿਆਣਾ ਦੇ ਯਮੁਨਾਨਗਰ ਵਿੱਚ ਇੱਕ ਦਿਲ ਦਹਿਲਾ ਦੇਣ ਵਾਲੇ ਮਾਮਲੇ ਵਿੱਚ ਜਗਾਧਰੀ ਦੀ ਵਿਸ਼ੇਸ਼ ਜ਼ਿਲ੍ਹਾ ਅਦਾਲਤ ਨੇ 36 ਸਾਲਾ ਮਨਿੰਦਰ ਕੌਰ ਉਰਫ਼ ਸਿੰਮੀ ਨੂੰ ਆਪਣੀ ਤਿੰਨ ਸਾਲ ਦੀ ਧੀ ਦਿਵਜੋਤ ਕੌਰ ਦੇ ਕਤਲ ਦੇ ਦੋਸ਼ ਵਿੱਚ ਸਖ਼ਤ ਉਮਰ ਕੈਦ ਦੀ ਸਜ਼ਾ ਸੁਣਾਈ ਹੈ। ਅਦਾਲਤ ਨੇ ਦੋਸ਼ੀ ਮਹਿਲਾ ‘ਤੇ 25 ਹਜ਼ਾਰ ਰੁਪਏ ਜੁਰਮਾਨਾ ਵੀ ਲਗਾਇਆ ਹੈ।
ਜਾਂਚ ਦੌਰਾਨ ਸਾਹਮਣੇ ਆਇਆ ਕਿ ਮਨਿੰਦਰ ਕੌਰ ਨੇ ਆਪਣੇ ਪ੍ਰੇਮੀ ਅਮਿਤ ਨਾਲ ਮਿਲ ਕੇ ਬੱਚਿਆਂ ਨੂੰ ਆਪਣੇ ਰਿਸ਼ਤੇ ਵਿੱਚ ਰੁਕਾਵਟ ਸਮਝਦਿਆਂ ਉਨ੍ਹਾਂ ਤੋਂ ਛੁਟਕਾਰਾ ਪਾਉਣ ਦੀ ਸਾਜ਼ਿਸ਼ ਰਚੀ ਸੀ। ਅਗਸਤ 2022 ਵਿੱਚ ਉਹ ਆਪਣੇ ਦੋਵੇਂ ਬੱਚਿਆਂ ਨੂੰ ਲੈ ਕੇ ਅੰਮ੍ਰਿਤਸਰ ਪਹੁੰਚੀ, ਜਿੱਥੇ ਇੱਕ ਹੋਟਲ ਵਿੱਚ ਉਸਨੇ ਦੁਪੱਟੇ ਨਾਲ ਆਪਣੀ ਧੀ ਦਾ ਗਲਾ ਘੁੱਟ ਕੇ ਕਤਲ ਕਰ ਦਿੱਤਾ ਅਤੇ ਲਾਸ਼ ਨੂੰ ਸ੍ਰੀ ਦਰਬਾਰ ਸਾਹਿਬ ਦੇ ਬਾਹਰ ਛੱਡ ਦਿੱਤਾ। ਪੁਲਿਸ ਜਾਂਚ, ਹੋਟਲ ਰਿਕਾਰਡ ਅਤੇ ਹੋਰ ਸਬੂਤਾਂ ਦੇ ਆਧਾਰ ‘ਤੇ ਅਦਾਲਤ ਨੇ ਉਸਨੂੰ ਦੋਸ਼ੀ ਕਰਾਰ ਦਿੰਦਿਆਂ ਇਹ ਸਖ਼ਤ ਸਜ਼ਾ ਸੁਣਾਈ।
