ਨਿਊਜ਼ ਪੰਜਾਬ
17 ਮਈ 2026
ਅੰਮ੍ਰਿਤਸਰ ਦੇ ਚਰਚਿਤ ਕਾਂਗਰਸੀ ਕੌਂਸਲਰ Gurdeep Pehalwan ਦੇ ਕਤਲ ਮਾਮਲੇ ਵਿੱਚ ਅੱਠ ਸਾਲਾਂ ਬਾਅਦ ਅਦਾਲਤ ਨੇ ਵੱਡਾ ਫੈਸਲਾ ਸੁਣਾਇਆ ਹੈ। Jaggu Bhagwanpuria ਸਮੇਤ ਪੰਜ ਮੁਲਜ਼ਮਾਂ ਨੂੰ ਸਬੂਤਾਂ ਦੀ ਕਮੀ ਕਾਰਨ ਬਰੀ ਕਰ ਦਿੱਤਾ ਗਿਆ, ਜਦਕਿ ਤਿੰਨ ਹੋਰਨਾਂ ਨੂੰ ਦੋਸ਼ੀ ਕਰਾਰ ਦਿੰਦਿਆਂ ਉਮਰਕੈਦ ਦੀ ਸਜ਼ਾ ਸੁਣਾਈ ਗਈ ਹੈ।
ਅੰਮ੍ਰਿਤਸਰ ਅਦਾਲਤ ਦੇ ਵਧੀਕ ਸੈਸ਼ਨ ਜੱਜ ਸੰਜੀਵ ਕੁੰਡੀ ਨੇ ਆਪਣੇ ਫੈਸਲੇ ਵਿੱਚ ਕਿਹਾ ਕਿ ਸਰਕਾਰੀ ਪੱਖ ਜੱਗੂ ਭਗਵਾਨਪੁਰਿਆ ਅਤੇ ਹੋਰ ਚਾਰ ਮੁਲਜ਼ਮਾਂ ਖ਼ਿਲਾਫ਼ ਦੋਸ਼ ਬਿਨਾਂ ਕਿਸੇ ਸ਼ੱਕ ਤੋਂ ਸਾਬਤ ਕਰਨ ਵਿੱਚ ਅਸਫਲ ਰਿਹਾ। ਬਰੀ ਹੋਏ ਹੋਰਨਾਂ ਮੁਲਜ਼ਮਾਂ ਵਿੱਚ ਬੌਬੀ ਮਲਹੋਤਰਾ, ਭੁਪਿੰਦਰ ਸਿੰਘ ਉਰਫ਼ ਸੋਨੂੰ ਕੰਗਲਾ, ਕਾਰਤਿਕ ਉਰਫ਼ ਘੋੜਾ ਅਤੇ ਵਰਿੰਦਰ ਸਿੰਘ ਉਰਫ਼ ਸੰਨੀ ਸ਼ਾਮਲ ਹਨ।
ਦੂਜੇ ਪਾਸੇ ਅਦਾਲਤ ਨੇ ਅਰੁਣ ਕੁਮਾਰ ਉਰਫ਼ ਛੁਰੀਮਾਰ, ਅੰਗਰੇਜ਼ ਸਿੰਘ ਅਤੇ ਅਮਨਪ੍ਰੀਤ ਸਿੰਘ ਉਰਫ਼ ਰਿੰਕਾ ਨੂੰ ਕਤਲ, ਅਪਰਾਧਿਕ ਸਾਜ਼ਿਸ਼, ਜਾਅਲਸਾਜ਼ੀ ਅਤੇ ਸਬੂਤ ਨਸ਼ਟ ਕਰਨ ਸਮੇਤ ਕਈ ਧਾਰਾਵਾਂ ਤਹਿਤ ਦੋਸ਼ੀ ਕਰਾਰ ਦਿੱਤਾ। ਤਿੰਨਾਂ ਨੂੰ ਸਖ਼ਤ ਉਮਰਕੈਦ ਦੀ ਸਜ਼ਾ ਦੇ ਨਾਲ 22 ਹਜ਼ਾਰ ਰੁਪਏ ਪ੍ਰਤੀ ਵਿਅਕਤੀ ਜੁਰਮਾਨਾ ਵੀ ਲਗਾਇਆ ਗਿਆ ਹੈ। ਜੁਰਮਾਨਾ ਨਾ ਭਰਨ ਦੀ ਸੂਰਤ ਵਿੱਚ ਉਨ੍ਹਾਂ ਨੂੰ ਛੇ ਮਹੀਨੇ ਵਾਧੂ ਕੈਦ ਕੱਟਣੀ ਪਵੇਗੀ।
ਇਹ ਕੇਸ ਅੰਮ੍ਰਿਤਸਰ ਦੇ ਸਭ ਤੋਂ ਚਰਚਿਤ ਰਾਜਨੀਤਿਕ ਕਤਲ ਮਾਮਲਿਆਂ ਵਿੱਚੋਂ ਇੱਕ ਰਿਹਾ ਹੈ, ਜਿਸ ਨੇ ਲੰਬੇ ਸਮੇਂ ਤੱਕ ਸ਼ਹਿਰ ਵਿੱਚ ਤਣਾਅ ਅਤੇ ਸਿਆਸੀ ਚਰਚਾ ਨੂੰ ਜਨਮ ਦਿੱਤਾ। ਅਦਾਲਤ ਦੇ ਤਾਜ਼ਾ ਫੈਸਲੇ ਤੋਂ ਬਾਅਦ ਹੁਣ ਇਸ ਮਾਮਲੇ ਵਿੱਚ ਅੱਗੇ ਹੋਰ ਕਾਨੂੰਨੀ ਕਾਰਵਾਈ ਦੀ ਸੰਭਾਵਨਾ ਵੀ ਜਤਾਈ ਜਾ ਰਹੀ ਹੈ।
