ਗੁਰਦਾਸਪੁਰ ਦੇ SDM ਅਨੁਪ੍ਰੀਤ ਕੌਰ ਰੰਧਾਵਾ ਗ੍ਰਿਫ਼ਤਾਰ, 1.63 ਕਰੋੜ ਦੇ ਜ਼ਮੀਨ ਘਪਲੇ ਦੀ ਜਾਂਚ ਜਾਰੀ

ਨਿਊਜ਼ ਪੰਜਾਬ

16 ਮਈ 2026

ਗੁਰਦਾਸਪੁਰ ਤੋਂ ਵੱਡੀ ਖਬਰ ਸਾਹਮਣੇ ਆਈ ਹੈ, ਜਿੱਥੇ ਪੱਟੀ ਪੁਲਿਸ ਨੇ PCS ਅਧਿਕਾਰੀ ਅਤੇ ਮੌਜੂਦਾ SDM ਡਾ. ਅਨੁਪ੍ਰੀਤ ਕੌਰ ਰੰਧਾਵਾ ਨੂੰ ਸ਼ਨੀਵਾਰ ਸਵੇਰੇ ਉਨ੍ਹਾਂ ਦੇ ਸਰਕਾਰੀ ਨਿਵਾਸ ਤੋਂ ਗ੍ਰਿਫ਼ਤਾਰ ਕਰ ਲਿਆ। ਇਹ ਕਾਰਵਾਈ ਜੰਮੂ-ਕਸ਼ਮੀਰ-ਰਾਜਸਥਾਨ ਹਾਈਵੇਅ ਲਈ ਐਕੁਆਇਰ ਕੀਤੀ ਗਈ ਜ਼ਮੀਨ ਵਿੱਚ ਹੋਏ ਕਥਿਤ ਗਬਨ ਮਾਮਲੇ ਸਬੰਧੀ ਕੀਤੀ ਗਈ ਹੈ। ਜਾਣਕਾਰੀ ਮੁਤਾਬਕ ਇਸ ਮਾਮਲੇ ਵਿੱਚ ਕਰੀਬ 1 ਕਰੋੜ 63 ਲੱਖ ਰੁਪਏ ਦੇ ਘਪਲੇ ਦੀ ਜਾਂਚ ਚੱਲ ਰਹੀ ਹੈ। ਘਟਨਾ ਸਮੇਂ ਅਨੁਪ੍ਰੀਤ ਕੌਰ ਤਰਨਤਾਰਨ ਦੇ ਪੱਟੀ ਵਿੱਚ ਤਾਇਨਾਤ ਸੀ। ਪੁਲਿਸ ਵੱਲੋਂ ਮਾਮਲੇ ਦੀ ਤਫਤੀਸ਼ ਜਾਰੀ ਹੈ ਅਤੇ ਹੋਰ ਖੁਲਾਸਿਆਂ ਦੀ ਸੰਭਾਵਨਾ ਜਤਾਈ ਜਾ ਰਹੀ ਹੈ।

ਡਾ. ਅਨੁਪ੍ਰੀਤ ਕੌਰ ਰੰਧਾਵਾ ਇਸ ਵੇਲੇ ਗੁਰਦਾਸਪੁਰ ਵਿੱਚ SDM ਵਜੋਂ ਸੇਵਾ ਨਿਭਾ ਰਹੀ ਸੀ ਅਤੇ ਨਾਲ ਹੀ ਨਗਰ ਕੌਂਸਲ ਦਾ ਵਾਧੂ ਚਾਰਜ ਵੀ ਸੰਭਾਲ ਰਹੀ ਸੀ। ਮਈ 2022 ਵਿੱਚ ਪੰਜਾਬ ਸਰਕਾਰ ਦੇ ਵੱਡੇ ਪ੍ਰਸ਼ਾਸਨਿਕ ਫੇਰਬਦਲ ਦੌਰਾਨ ਉਨ੍ਹਾਂ ਨੂੰ ਮੁੜ ਸਰਗਰਮ ਫੀਲਡ ਪੋਸਟਿੰਗ ਦਿੱਤੀ ਗਈ ਸੀ। ਅੰਮ੍ਰਿਤਸਰ ਨਾਲ ਸੰਬੰਧਿਤ ਡਾ. ਅਨੁਪ੍ਰੀਤ ਕੌਰ ਨੇ ਐਮਬੀਬੀਐਸ ਦੀ ਪੜ੍ਹਾਈ ਪੂਰੀ ਕਰਨ ਤੋਂ ਬਾਅਦ PCS ਪ੍ਰੀਖਿਆ ਪਾਸ ਕਰਕੇ ਪ੍ਰਸ਼ਾਸਨਿਕ ਸੇਵਾ ਵਿੱਚ ਦਾਖਲਾ ਕੀਤਾ ਸੀ।