‘ਮਾਂ’ ਦੇ ਪਿਆਰ ਨੂੰ ਸਮਰਪਿਤ ਮਦਰਜ਼ ਡੇਅ ਅੱਜ…ਪੰਜਾਬ ਭਰ ’ਚ ਮਾਵਾਂ ਲਈ ਖਾਸ ਸਮਾਗਮ, ਸੋਸ਼ਲ ਮੀਡੀਆ ’ਤੇ ਭਾਵੁਕ ਸੰਦੇਸ਼ਾਂ ਦੀ ਲਹਿਰ

ਨਿਊਜ਼ ਪੰਜਾਬ

10 ਮਈ 2026

“ਮਾਂ” ਸਿਰਫ਼ ਇੱਕ ਸ਼ਬਦ ਨਹੀਂ, ਸਗੋਂ ਪਿਆਰ, ਮਮਤਾ ਅਤੇ ਤਿਆਗ ਦੀ ਮੂਰਤ ਹੈ। ਇਸੇ ਅਨਮੋਲ ਰਿਸ਼ਤੇ ਨੂੰ ਸਲਾਮ ਕਰਨ ਲਈ ਅੱਜ ਮਦਰਜ਼ ਡੇਅ ਦੁਨੀਆ ਭਰ ਸਮੇਤ ਪੰਜਾਬ ਵਿੱਚ ਵੀ ਬੜੇ ਪਿਆਰ ਅਤੇ ਉਤਸ਼ਾਹ ਨਾਲ ਮਨਾਇਆ ਜਾ ਰਿਹਾ ਹੈ। ਸਵੇਰੇ ਤੋਂ ਹੀ ਲੋਕ ਆਪਣੀਆਂ ਮਾਵਾਂ ਨਾਲ ਤਸਵੀਰਾਂ ਸਾਂਝੀਆਂ ਕਰਦੇ ਹੋਏ ਉਨ੍ਹਾਂ ਪ੍ਰਤੀ ਆਪਣਾ ਪਿਆਰ ਅਤੇ ਸਤਿਕਾਰ ਜ਼ਾਹਿਰ ਕਰ ਰਹੇ ਹਨ।

ਸੋਸ਼ਲ ਮੀਡੀਆ ਪਲੇਟਫਾਰਮਾਂ ’ਤੇ ਮਾਂ ਦੀ ਮਹਾਨਤਾ ਬਿਆਨ ਕਰਦੀਆਂ ਕਵਿਤਾਵਾਂ, ਵੀਡੀਓ ਅਤੇ ਭਾਵੁਕ ਸੰਦੇਸ਼ਾਂ ਦੀ ਭਰਮਾਰ ਵੇਖਣ ਨੂੰ ਮਿਲ ਰਹੀ ਹੈ। ਵਟਸਐਪ ਸਟੇਟਸ ਤੋਂ ਲੈ ਕੇ ਫੇਸਬੁੱਕ ਅਤੇ ਇੰਸਟਾਗ੍ਰਾਮ ਤੱਕ ਹਰ ਥਾਂ “ਹੈਪੀ ਮਦਰਜ਼ ਡੇਅ” ਦੀਆਂ ਪੋਸਟਾਂ ਛਾਈਆਂ ਹੋਈਆਂ ਹਨ।

ਇੱਕ ਭਾਵੁਕ ਸੁਨੇਹੇ ਵਿੱਚ ਕਿਹਾ ਗਿਆ ਹੈ ਕਿ “ਮਾਂ ਦਾ ਦਿਨ ਨਹੀਂ ਹੁੰਦਾ, ਮਾਵਾਂ ਨਾਲ ਦਿਨ ਹੁੰਦੇ ਹਨ, ਰੱਬਾ ਹਮੇਸ਼ਾ ਖੁਸ਼ ਰੱਖੀ ਸਭ ਦੀਆਂ ਮਾਵਾਂ ਨੂੰ।” ਇਸ ਸੁਨੇਹੇ ਨੇ ਲੋਕਾਂ ਦੇ ਦਿਲਾਂ ਨੂੰ ਛੂਹ ਲਿਆ ਹੈ।

ਮਾਂ ਨੂੰ ਦੁਨੀਆ ਵਿੱਚ ਸਭ ਤੋਂ ਵੱਡਾ ਦਰਜਾ ਦਿੱਤਾ ਜਾਂਦਾ ਹੈ ਕਿਉਂਕਿ ਮਾਂ ਹੀ ਆਪਣੇ ਬੱਚਿਆਂ ਲਈ ਹਰ ਮੁਸ਼ਕਲ ਸਹਿੰਦੀ ਹੈ ਅਤੇ ਹਰ ਵੇਲੇ ਉਨ੍ਹਾਂ ਦੀ ਖੁਸ਼ੀ ਲਈ ਅਰਦਾਸ ਕਰਦੀ ਹੈ। ਮਦਰਜ਼ ਡੇ ਮੌਕੇ ਲੋਕਾਂ ਵੱਲੋਂ ਆਪਣੀਆਂ ਮਾਵਾਂ ਦਾ ਧੰਨਵਾਦ ਕੀਤਾ ਜਾ ਰਿਹਾ ਹੈ।ਮਦਰਜ਼ ਡੇਅ ਮੌਕੇ ਲੋਕਾਂ ਨੇ ਸੰਦੇਸ਼ ਦਿੱਤਾ ਕਿ ਸਿਰਫ਼ ਇੱਕ ਦਿਨ ਹੀ ਨਹੀਂ, ਸਾਲ ਦੇ ਹਰ ਦਿਨ ਮਾਂ ਦਾ ਸਤਿਕਾਰ ਅਤੇ ਧੰਨਵਾਦ ਕਰਨਾ ਚਾਹੀਦਾ ਹੈ।

ਮਦਰਜ਼ ਡੇ ਮੌਕੇ ਗੁਰਦੁਆਰਾ ਸਾਹਿਬ ਵਿੱਚ ਵੱਡੀ ਗਿਣਤੀ ਵਿੱਚ ਸੰਗਤ ਇਕੱਠੀ ਹੋਈ, ਜਿੱਥੇ ਖਾਲਸਾ ਪੰਥ ਦੀਆਂ ਮਹਾਨ ਮਾਵਾਂ ਨੂੰ ਯਾਦ ਕਰਦਿਆਂ ਉਨ੍ਹਾਂ ਦੇ ਤਿਆਗ, ਸਹਿਣਸ਼ੀਲਤਾ ਅਤੇ ਕੁਰਬਾਨੀਆਂ ਨੂੰ ਨਮਨ ਕੀਤਾ ਗਿਆ। ਸਮਾਗਮ ਦੌਰਾਨ “ਮਾਤਾ ਗੁਜਰੀ ਜੀ, ਮਾਤਾ ਸਾਹਿਬ ਕੌਰ ਜੀ, ਮਾਤਾ ਨਾਨਕੀ ਜੀ, ਮਾਤਾ ਸੁੰਦਰੀ ਜੀ ਅਤੇ ਮਾਤਾ ਖੀਵੀ ਜੀ” ਦੇ ਮਹਾਨ ਯੋਗਦਾਨ ਨੂੰ ਸੰਗਤ ਸਾਹਮਣੇ ਰੱਖਿਆ ਗਿਆ।

 

ਇਸ ਮੌਕੇ ਹਜ਼ਾਰਾਂ ਦੀ ਗਿਣਤੀ ਵਿੱਚ ਸੰਗਤ ਨੇ ਹਾਜ਼ਰੀ ਭਰੀ ਅਤੇ ਕੀਰਤਨ ਤੇ ਅਰਦਾਸ ਵਿੱਚ ਸ਼ਾਮਲ ਹੋ ਕੇ ਮਾਵਾਂ ਦੇ ਸਤਿਕਾਰ ਦਾ ਸੰਦੇਸ਼ ਦਿੱਤਾ ਕਿ ਮਾਵਾਂ ਦੀਆਂ ਕੁਰਬਾਨੀਆਂ ਅਤੇ ਸਿੱਖਿਆਵਾਂ ਸਾਡੀ ਜ਼ਿੰਦਗੀ ਲਈ ਪ੍ਰੇਰਣਾ ਹਨ ਅਤੇ ਸਮਾਜ ਨੂੰ ਹਮੇਸ਼ਾ ਉਨ੍ਹਾਂ ਦੇ ਸਨਮਾਨ ਲਈ ਅੱਗੇ ਆਉਣਾ ਚਾਹੀਦਾ ਹੈ।